ਜੋਧਪੁਰ ਦੇ ਨਜ਼ਰਬੰਦੀਆਂ ਨਾਲ ਕਾਂਗਰਸ ਵੱਲੋਂ ਕੀਤੀ ਬੇਇਨਸਾਫੀ ''ਤੇ ਮੁਆਫ਼ੀ ਮੰਗਣ ਕੈਪਟਨ : ਆਪ
Friday, Jun 29, 2018 - 01:59 AM (IST)

ਚੰਡੀਗੜ੍ਹ (ਸ਼ਰਮਾ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋਧਪੁਰ ਜੇਲ ਦੇ ਨਜ਼ਰਬੰਦਾਂ ਉੱਪਰ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਨਾ ਕਰਨ ਸਗੋਂ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ 'ਤੇ ਪਸ਼ਚਾਤਾਪ ਕਰਦੇ ਹੋਏ ਇਨ੍ਹਾਂ ਸਮੇਤ ਸਮੁੱਚੇ ਪੰਜਾਬੀਆਂ ਤੋਂ ਮੁਆਫੀ ਮੰਗਣ। 'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਅਜਿਹੇ ਹਰੇਕ ਬੇਕਸੂਰ ਪੰਜਾਬੀ ਨੂੰ ਇਨਸਾਫ਼ ਅਤੇ ਮੁਆਵਜ਼ਾ ਦਿੰਦੇ ਤਾਂ ਉਹ ਸੱਚਮੁੱਚ ਤਾਰੀਫ਼ ਦੇ ਕਾਬਲ ਹੁੰਦੇ ਪਰ ਅੱਜ ਅਦਾਲਤੀ ਫ਼ਰਮਾਨ 'ਤੇ ਫੁਲ ਚੜ੍ਹਾ ਕੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨਜ਼ਰਬੰਦੀਆਂ, ਇਨ੍ਹਾਂ ਦੇ ਪਰਿਵਾਰਾਂ, ਪੰਥ ਅਤੇ ਪੰਜਾਬੀ ਕੌਮ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ।
'ਆਪ' ਵਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਮਾਲਵਾ ਜ਼ੋਨ-1 ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਅਤੇ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋਧਪੁਰ ਜੇਲ ਦੇ ਇਨ੍ਹਾਂ ਬੇਕਸੂਰ ਨਜ਼ਰਬੰਦੀਆਂ ਸਬੰਧੀ ਅਦਾਲਤ ਵੱਲੋਂ ਕਰੀਬ ਤਿੰਨ ਦਹਾਕਿਆਂ ਦੀ ਦੇਰੀ ਉਪਰੰਤ ਸੁਣਾਏ ਦਰੁਸਤ ਫ਼ੈਸਲੇ ਦਾ ਤਾਂ ਸਵਾਗਤ ਕਰਦੀ ਹੈ ਪਰ ਇਨ੍ਹਾਂ ਨਜ਼ਰਬੰਦੀਆਂ ਨੂੰ ਅਦਾਲਤ ਵਲੋਂ ਮੁਆਵਜ਼ਾ ਦੇਣ ਸਬੰਧੀ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਜੋ ਸਿਆਸੀ ਦਾਅ ਮਾਰੇ ਜਾ ਰਹੇ ਹਨ, ਦੀ ਨਿਖੇਧੀ ਕਰਦੀ ਹੈ।
ਡਾ. ਬਲਬੀਰ ਸਿੰਘ ਦੀ ਅਗਵਾਈ 'ਚ 'ਆਪ' ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨਜ਼ਰਬੰਦੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਪ੍ਰਤੀ ਇੰਨੇ ਹੀ ਸੁਹਿਰਦ ਹੁੰਦੇ ਤਾਂ ਅਦਾਲਤੀ ਡੰਡੇ ਤੋਂ ਪਹਿਲਾਂ 2002 ਤੋਂ 2007 ਦੌਰਾਨ ਇਨ੍ਹਾਂ ਬੇਕਸੂਰਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾ ਸਕਦੇ ਸੀ ਪਰ 5 ਸਾਲਾਂ ਦੌਰਾਨ ਕੈਪਟਨ ਨੇ ਅਜਿਹੇ ਕਿਸੇ ਬੇਕਸੂਰ ਦੀ ਫ਼ਰਿਆਦ ਨਹੀਂ ਸੁਣੀ।