ਕੈਪਟਨ ਦੇ ਪਹਿਲੇ ਸੱਦੇ 'ਤੇ ਮਿਲੇ ਬਾਜਵਾ, ਸਾਹਮਣੇ ਰੱਖੇ ਇਹ ਮੁੱਦੇ
Wednesday, Jan 16, 2019 - 05:16 PM (IST)
ਜਲੰਧਰ/ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ 'ਤੇ ਅੱਜ ਚੰਡੀਗੜ੍ਹ 'ਚ ਮਾਝਾ, ਮਾਲਵਾ ਅਤੇ ਦੋਆਬਾ ਜ਼ੋਨ ਦੇ ਮੁੱਖ ਆਗੂਆਂ ਦੀ ਕੈਪਟਨ ਨਾਲ ਮੀਟਿੰਗ ਕੀਤੀ ਗਈ, ਜਿੱਥੇ ਖਾਸ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਕੈਪਟਨ ਦੇ ਸੱਦੇ 'ਤੇ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੁੱਦਿਆਂ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਧਿਆਨ ਦਿਵਾਇਆ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਬਾਜਵਾ ਨੇ ਕੈਪਟਨ ਦੇ ਸਾਹਮਣੇ ਛੇਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਕੀਤੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਵੀ ਕੈਪਟਨ ਦੇ ਸਾਹਮਣੇ ਸੰਜੀਦਗੀ ਨਾਲ ਚੁੱਕਿਆ, ਜਿਸ 'ਚ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਸਹੀ ਸਮੇਂ 'ਤੇ ਅਦਾ ਕੀਤੇ ਜਾਣਾ ਮੁੱਖ ਰੂਪ 'ਚ ਸ਼ਾਮਲ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛੜੀਆਂ ਸ਼੍ਰੇਣੀਆਂ ਲਈ 5-5 ਮਰਲੇ ਦੇ ਪਲਾਟ ਦੇਣ ਦੇ ਮੁੱਦੇ ਨੂੰ ਵੀ ਕੈਪਟਨ ਸਾਹਮਣੇ ਰੱਖਿਆ।
ਨੌਜਵਾਨਾਂ ਦੇ ਰੋਜ਼ਗਾਰ ਨੂੰ ਲੈ ਕੇ ਬਾਜਵਾ ਨੇ ਕੈਪਟਨ ਨੂੰ ਦਿੱਤਾ ਖਾਸ ਸੁਝਾਅ
ਬਾਜਵਾ ਦੇ ਇਨ੍ਹਾਂ ਮੁੱਦਿਆਂ 'ਚ ਸਭ ਤੋਂ ਪ੍ਰਮੁੱਖ ਮੁੱਦਾ ਨੌਜਵਾਨਾਂ ਦੇ ਰੋਜ਼ਗਾਰ ਦਾ ਰਿਹਾ। ਇਸ ਦੌਰਾਨ ਬਾਜਵਾ ਨੇ ਕੈਪਟਨ ਨੂੰ ਖਾਸ ਸੁਝਾਅ ਦਿੰਦੇ ਹੋਏ ਸਰਕਾਰ ਦੀ 1962 ਦੀ ਸਕੀਮ ਵਿਲੇਜ਼ ਵਾਲੰਟੀਅਰ ਫੋਰਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀ ਇਸ ਸਕੀਮ ਦੇ ਜ਼ਰੀਏ ਅਸੀਂ ਕਰੀਬ ਪੰਜਾਬ 'ਚ ਕਰੀਬ 40 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ। ਬਾਜਵਾ ਮੁਤਾਬਕ ਪੰਜਾਬ ਦੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ 6 ਜ਼ਿਲੇ ਸਰੱਹਦ ਦੇ ਨਾਲ ਲੱਗਦੇ ਹਨ। ਇਨ੍ਹਾਂ ਜ਼ਿਲਿਆਂ ਦੇ ਨੌਜਵਾਨਾਂ ਨੂੰ ਇਸ ਸਕੀਮ ਮੁਤਾਬਕ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਵਿਲੇਜ਼ ਵਾਲੰਟੀਅਰ ਫੋਰਸ ਸਕੀਮ ਮੁਤਾਬਕ ਭਰਤੀ ਕੀਤੇ ਗਏ ਨੌਜਵਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਭੱਤਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਪੈਰਾਮਿਲਟਰੀ ਫੋਰਸ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਸਕੀਮ ਨੂੰ ਪੰਜਾਬ 'ਚ ਅਮਲੀ ਰੂਪ 'ਚ ਲਾਗੂ ਕਰ ਦੇਵੇ ਤਾਂ ਪੰਜਾਬ ਸਰਕਾਰ ਬਿਨਾਂ ਕਿਸੇ ਖਰਚੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਉਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਹਾਮੀ ਵੀ ਭਰ ਦਿੱਤੀ ਹੈ।
ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਸਬੰਧੀ ਜਲਦੀ ਤੋਂ ਜਲਦੀ ਮੁਲਾਕਾਤ ਕਰਨ ਤਾਂ ਕਿ ਨਸ਼ੇ 'ਚ ਡੁੱਬ ਰਹੇ ਨੌਜਵਾਨਾਂ ਨੂੰ ਸਹੀ ਸੇਧ ਦਿੱਤੀ ਜਾ ਸਕੇ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਲੀਹ 'ਤੇ ਲਿਆਂਦਾ ਜਾਵੇ।