ਗੁਰੂ ਰਵਿਦਾਸ ਮੰਦਰ ਢਾਹੇ ਜਾਣ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ 5 ਮੈਂਬਰੀ ਕਮੇਟੀ ਦਾ ਗਠਨ

08/11/2019 9:14:49 PM

ਚੰਡੀਗੜ੍ਹ/ਜਲੰਧਰ (ਵੈਬ ਡੈਸਕ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਦਿੱਲੀ ਦੇ ਪਿੰਡ ਤੁਗਲਕਾਬਾਦ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸਮਾਧੀ ਨੂੰ ਹਾਲ ਹੀ ’ਚ ਢਾਹ ਦੇਣ ਨਾਲ ਰਵਿਦਾਸ ਭਾਈਚਾਰੇ ਵਿਚ ਪੈਦਾ ਹੋਏ ਤਣਾਅ ਨੂੰ ਹੱਲ ਕਰਨ ਲਈ ਉਹ ਨਿੱਜੀ ਤੌਰ ’ਤੇ ਦਖਲ ਦੇਣ। ਮੁੱਖ ਮੰਤਰੀ ਨੇ ਇਹ ਅਪੀਲ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਦੇ ਬੈਨਰ ਹੇਠ ਭਾਈਚਾਰੇ ਦੇ ਮੈਂਬਰਾਂ ਵਲੋਂ ਕੀਤੇ ਸੂਬਾ ਪੱਧਰੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੀ ਜਿਨ੍ਹਾਂ ਨੇ 13 ਅਗਸਤ ਨੂੰ ਦੇਸ਼ ਬੰਦ ਦਾ ਸੱਦਾ ਦਿੱਤਾ ਅਤੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ ਕੀਤਾ। ਪ੍ਰਦਰਸ਼ਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਸੁਪਰੀਮ ਕੋਰਟ ਦੇ ਫੈਸਲੇ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਜੋ ਇਸ ਧਾਰਮਿਕ ਢਾਂਚੇ ਨੂੰ ਢਾਹੁਣ ਦਾ ਕਾਰਨ ਬਣਿਆ ਪਰ ਉਹ ਨਿੱਜੀ ਤੌਰ ’ਤੇ ਇਤਿਹਾਸਕ ਮਹੱਤਤਾ ਵਾਲੇ ਕਿਸੇ ਵੀ ਸਮਾਰਕ ਜਾਂ ਢਾਂਚੇ ਨੂੰ ਢਾਹੁਣ ਦੇ ਹੱਕ ਵਿਚ ਨਹੀਂ ਹਨ ਜਿਸ ਨਾਲ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੋਵੇ।

ਮੁੱਖ ਮੰਤਰੀ ਨੇ ਭਾਈਚਾਰੇ ਨੂੰ ਆਪਣੇ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਕੇਂਦਰ ਸਰਕਾਰ ਨਾਲ ਇਸ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਭਾਈਚਾਰੇ ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੂੰ ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਦਖਲ ਦੇਣ ਦੀ ਅਪੀਲ ਕਰਦਿਆਂ ਕੈ. ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਕੇ ਇਹ ਜਗ੍ਹਾ ਮੁਡ਼ ਅਲਾਟ ਕਰਨ ਦੀ ਮੰਗ ਕੀਤੀ ਤਾਂ ਕਿ ਭਾਈਚਾਰੇ ਵਲੋਂ ਸਰੋਵਰ ਸਮੇਤ ਮੰਦਰ ਦਾ ਮੁਡ਼ ਨਿਰਮਾਣ ਕੀਤਾ ਜਾ ਸਕੇ ਜਿਸ ਨੂੰ ਢਾਹ ਦਿੱਤਾ ਗਿਆ ਸੀ। ਇਹ ਜਗ੍ਹਾ ਦਿੱਲੀ ਵਿਕਾਸ ਅਥਾਰਟੀ ਨਾਲ ਸਬੰਧਤ ਹੈ। ਸ੍ਰੀ ਗੁਰੂ ਰਵਿਦਾਸ ਜੀ ਨਾਲ ਜੁਡ਼ੀਆਂ ਕਥਾਵਾਂ ਇਹ ਦਰਸਾਉਂਦੀਆਂ ਹਨ ਕਿ ਉਨ੍ਹਾਂ ਨੇ ਸਾਲ 1509 ਦੇ ਲਗਭਗ ਸਿਕੰਦਰ ਲੋਧੀ ਦੀ ਹਕੂਮਤ ਦੌਰਾਨ ਇਸ ਪਵਿੱਤਰ ਸਥਾਨ ਦੀ ਯਾਤਰਾ ਕੀਤੀ ਸੀ। ਇਸ ਮਾਮਲੇ ਦੀ ਪੈਰਵੀ ਕਰਨ ਅਤੇ ਢਾਹੇ ਗਏ ਢਾਂਚੇ ਦਾ ਉਸੇ ਜਗ੍ਹਾ ’ਤੇ ਮੁਡ਼ ਨਿਰਮਾਣ ਕਰਨ ਲਈ ਭਾਈਚਾਰੇ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਭਾਈਚਾਰੇ ਦੇ ਧਾਰਮਿਕ ਤੇ ਸਿਆਸੀ ਨੁਮਾਇੰਦਿਆਂ ਨੂੰ ਮਿਲਣ ਤੋਂ ਇਲਾਵਾ ਕੇਂਦਰ ਨਾਲ ਇਸ ਮਸਲੇ ਨੂੰ ਸੁਲਝਾਉਣ ਲਈ ਵਿਆਪਕ ਰਣਨੀਤੀ ਵੀ ਘਡ਼ੇਗੀ। ਇਹ ਕਮੇਟੀ ਚੌਧਰੀ ਸੰਤੋਖ ਸਿੰਘ, ਚਰਨਜੀਤ ਸਿੰਘ ਚੰਨੀ, ਰਾਜ ਕੁਮਾਰ ਚੱਬੇਵਾਲ, ਅਰੁਣਾ ਚੌਧਰੀ ਅਤੇ ਸੁਸ਼ੀਲ ਕੁਮਾਰ ਰਿੰਕੂ ’ਤੇ ਅਧਾਰਤ ਹੈ।

ਓਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਲੀਗਲ ਮੀਡੀਆ ਐਡਵਾਇਜ਼ਰ ਰਵੀਨ ਠਕੁਰਾਲ ਵਲੋਂ ਇਸ ਮਾਮਲੇ ਵਿਚ ਇਕ ਟਵੀਟ ਰਾਹੀਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ। ਟਵੀਟ ਵਿਚ ਉਨ੍ਹਾਂ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨਾਲ ਗੱਲ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸ੍ਰੀ ਗੁਰੂ ਰਵਿਦਾਸ ਮੰਦਰ ਤੇ ਸਮਾਧੀ ਢਾਹੇ ਜਾਣ ਤੋਂ ਬਾਅਦ ਪੈਦਾ ਹੋਏ ਵਿਵਾਦ ਵਿਚ ਕੇਂਦਰ ਨੂੰ ਦਖਲ ਦੇਣ ਤੇ ਰਵਿਦਾਸ ਭਾਈਚਾਰੇ ਨੂੰ ਕਾਨੂਨੀ ਤੇ ਵਿੱਤੀ ਮਦਦ ਉਪਲਬੱਧ ਕਰਵਾਉਣ ਦੀ ਮੰਗ ਕੀਤੀ ਹੈ। 
PunjabKesari


Arun chopra

Content Editor

Related News