ਕਿਸਾਨਾਂ ਨੂੰ ਮਿਲਣ ਗਏ ਕੈਪਟਨ ਨੇ ਦਿਲਾਸੇ ਦੀ ਥਾਂ ਦਿੱਤਾ ਅਜਿਹਾ ਬਿਆਨ, ਨਾਰਾਜ਼ ਹੋਏ ਖੇਤਾਂ ਦੇ ਪੁੱਤ (ਵੀਡੀਓ)

Saturday, Aug 12, 2017 - 03:21 PM (IST)

ਮਾਨਸਾ— ਸ਼ੁੱਕਰਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਪਰ ਇਹ ਦੌਰਾ ਕਿਸਾਨਾਂ ਲਈ ਕੋਈ ਰਾਹਤ ਦੀ ਖ਼ਬਰ ਨਹੀਂ ਲੈ ਕੇ ਆਇਆ। ਸਗੋਂ ਕੈਪਟਨ ਨੇ ਨਰਮੇ ਦੀ ਫਸਲ 'ਤੇ ਚਿੱਟੀ ਮੱਖੀ ਦੇ ਹਮਲੇ ਤੋਂ ਪਰੇਸ਼ਾਨ ਕਿਸਾਨਾਂ ਨੂੰ ਕਿਹਾ ਕਿ ਇਸ ਨਾਲ ਸਿਰਫ ਇਕ ਫੀਸਦੀ ਫਸਲ ਹੀ ਖਰਾਬ ਹੋਈ ਹੈ। ਇਹ ਕਹਿ ਕੇ ਉਨ੍ਹਾਂ ਨੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਨੂੰ ਠੁਕਰਾਅ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਝਿੜਕਦੇ ਹੋਏ ਕਿਹਾ ਕਿ ਉਹ ਆਪਣੀ ਫਸਲ ਨੂੰ ਵਾਹੁਣ ਨਾ। ਉਨ੍ਹਾਂ ਕਿਹਾ ਕਿ ਹੁਣ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਖੁਦ ਖਰਾਬ ਹੋਈਆਂ ਫਸਲਾਂ ਨੂੰ ਦੇਖਣਗੇ। ਕੈਪਟਨ ਅਮਰਿੰਦਰ ਇੱਥੇ ਦੋ ਪਿੰਡਾਂ ਖਿਆਲਾ ਅਤੇ ਸਾਹਨੇਵਾਲੀ ਵਿਚ ਬਰਬਾਦ ਹੋਈ ਫਸਲ ਦਾ ਜਾਇਜ਼ਾ ਲੈਣ ਪਹੁੰਚੇ ਸਨ। 
ਕੈਪਟਨ ਨੇ ਕਿਹਾ ਕਿ ਨਰਮੇ ਦੀ ਫਸਲ ਦੇ ਹੋਏ ਮਾਮੂਲੀ ਨੁਕਸਾਨ ਨੂੰ ਮੀਡੀਆ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਰ-ਪ੍ਰਮਾਣਿਤ ਕਿਸਮਾਂ ਦੇ ਬੀਜ ਅਤੇ ਹੋਰ ਸੂਬਿਆਂ ਤੋਂ ਬੀਜਾਂ ਦੀ ਵਰਤੋਂ ਕੀਤੇ ਜਾਣ ਕਾਰਨ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੀ. ਏ. ਯੂ. ਵੱਲੋਂ ਪ੍ਰਮਾਣਿਤ ਬੀਜਾਂ ਅਤੇ ਕੀਟਨਾਸ਼ਕਾਂ ਦਾ ਹੀ ਇਸਤੇਮਾਲ ਕਰਨ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਖਿਆਲਾ ਦੇ 700 ਏਕੜ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਇੱਥੇ 50 ਤੋਂ 60 ਫੀਸਦੀ ਫਸਲ ਖਰਾਬ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 

ਕੈਪਟਨ ਦੇ ਬਿਆਨ ਤੋਂ ਬਾਅਦ ਨਾਰਾਜ਼ ਕਿਸਾਨ—
ਕੈਪਟਨ ਦੇ ਬਿਆਨ ਤੋਂ ਬਾਅਦ ਭਾਕਿਯੂ ਡਕੋਦਾ ਗੁੱਟ ਦੇ ਮੈਂਬਰ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੈਪਟਨ ਨੇ ਇੱਥੇ ਆ ਕੇ ਕਿਸਾਨਾਂ ਦਾ ਹਾਲ ਦੇਖ ਕੇ ਕੋਈ ਐਲਾਨ ਨਹੀਂ ਕਰਨਾ ਸੀ ਤਾਂ ਉਹ ਇੱਥੇ ਕੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਲਈ ਮੁਆਵਜ਼ੇ ਦਾ ਕੋਈ ਐਲਾਨ ਨਾ ਕੀਤਾ ਗਿਆ ਤਾਂ ਉਹ 13 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿਚ ਸਰਕਾਰ ਦੇ ਖਿਲਾਫ ਐਕਸ਼ਨ ਦਾ ਐਲਾਨ ਕਰਨਗੇ।  


Related News