ਪੰਜਾਬ ''ਚ ''ਰਾਇਸ਼ੁਮਾਰੀ-2020'' ਦੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ : ਕੈਪਟਨ

08/11/2018 11:16:58 AM

ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ 'ਚ 'ਰਾਇਸ਼ੁਮਾਰੀ-2020' ਦੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਉਨ੍ਹਾਂ ਨੇ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੇਅਰ ਵਿਖੇ ਹੋਣ ਵਾਲੀ ਪ੍ਰਸਤਾਵਿਤ ਰੈਲੀ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਵਿਦੇਸ਼ਾਂ 'ਚ ਵਸੇ ਆਈ. ਐਸ. ਆਈ. ਦਾ ਸਮਰਥਨ ਪ੍ਰਾਪਤ ਮੁੱਠੀਭਰ ਬੌਖਲਾਏ ਹੋਏ ਸਿੱਖਾਂ ਦੀ ਪੰਜਾਬ ਅਤੇ ਭਾਰਤ 'ਚ ਫੁੱਟ ਪਾਓ ਨਾਅਰਿਆਂ ਦੇ ਨਾਲ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਹੈ। 
ਇੱਥੇ ਕੁੱਝ ਪੱਤਰਕਾਰਾਂ ਨਾਲ ਰਸਮੀਂ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨੁੱਕਰੇ ਲੱਗੇ ਹੋਏ ਤੱਤਾਂ ਅਤੇ ਇਨ੍ਹਾਂ ਦੀ ਲੰਡਨ ਵਿਖੇ 12 ਅਗਸਤ ਦੀ ਪ੍ਰਸਤਾਵਿਤ ਰੈਲੀ ਤੋਂ ਕੋਈ ਵੀ ਚਿੰਤਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਆਈ.ਐਸ.ਆਈ. ਦੇ ਹੱਥਾਂ 'ਚ ਖੇਡ ਰਹੇ ਹਨ, ਜਿਸ ਦਾ ਖੁੱਲ੍ਹਾ ਏਜੰਡਾ ਪੰਜਾਬ ਤੇ ਭਾਰਤ 'ਚ ਹਿੰਸਾ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ 'ਚ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ ਦੇਣਗੇ। ਇਸ ਸਬੰਧ 'ਚ ਸਖ਼ਤ ਅਤੇ ਦ੍ਰਿੜ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਹ ਤੱਤ ਇਹ ਸੋਚਦੇ ਹਨ ਕਿ ਉਹ ਮੇਰੇ ਦੇਸ਼ ਅਤੇ ਮੇਰੇ ਸੂਬੇ ਦੀ ਸ਼ਾਂਤੀ ਭੰਗ ਕਰ ਸਕਦੇ ਹਨ ਤਾਂ ਉਹ ਬਹੁਤ ਗਲਤ-ਫਹਿਮੀ ਵਿੱਚ ਹਨ। 
ਮੁੱਖ ਮੰਤਰੀ ਨੇ ਸਪਸ਼ੱਟ ਕੀਤਾ ਕਿ ਉਨ੍ਹਾਂ ਨੇ ਸੂਬੇ 'ਚ ਅੱਤਵਾਦ ਨੂੰ ਸੁਰਜੀਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਸਖ਼ਤੀ ਨਾਲ ਮਸਲਣ ਲਈ ਪੰਜਾਬ ਪੁਲਿਸ ਨੂੰ ਆਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪਿਛਲੇ 15 ਮਹੀਨਿਆਂ ਦੇ ਸ਼ਾਸਨ ਦੌਰਾਨ ਪੁਲਸ ਨੇ ਬਹੁਤ ਸਾਰੇ ਅੱਤਵਾਦੀ ਗਿਰੋਹਾਂ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲੀ-ਸਿੱਕੇ ਤੋਂ ਇਲਾਵਾ ਨਸ਼ੀਲੀਆਂ ਵਸਤਾਂ ਵੀ ਫੜ੍ਹੀਆਂ ਹਨ।


Related News