ਸਿਰਫ ਬਾਦਲਾਂ ਲਈ ਹੀ ਸੀ ''ਖਡੂਰ ਸਾਹਿਬ ਜ਼ਿਮਨੀ ਚੋਣ'' : ਕੈਪਟਨ
Tuesday, Feb 16, 2016 - 06:05 PM (IST)

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਰੱਦ ਕਰਦੇ ਹੋਏ ਐਲਾਨ ਕੀਤਾ ਕਿ ਇਸ ਨਤੀਜੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਿਰਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਹੀ ਇਸ ਜ਼ਿਮਨੀ ਚੋਣ ਦੀ ਮਹੱਤਤਾ ਸੀ, ਜਿਨ੍ਹਾਂ ਨੂੰ ਆਪਣੀ ਬੇੜੀ ਡੁੱਬੀ ਹੋਈ ਦਿਖਾਈ ਦੇ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਜ਼ਿਮਨੀ ਚੋਣ ''ਤੇ ਵਿਅੰਗ ਕਰਦੇ ਹੋਏ ਕਿਹਾ ਕਿ ਇਹ ਜ਼ਿਮਨੀ ਚੋਣ ਬਾਦਲਾਂ ਦੀ, ਬਾਦਲਾਂ ਵਲੋਂ ਅਤੇ ਬਾਦਲਾਂ ਲਈ ਹੀ ਲੜੀ ਗਈ, ਜਿਸ ''ਚ ਕਿਸੇ ਹੋਰ ਨੂੰ ਕੋਈ ਦਿਲਚਸਪੀ ਨਹੀਂ ਸੀ। ਖਡੂਰ ਸਾਹਿਬ ਜ਼ਿਮਨੀ ਚੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਸ ਫਾਇਰਿੰਗ ਦੇ ਜੋ ਮੁੱਦੇ ਸਿੱਖ ਕੌਮ ਨੇ ਚੁੱਕੇ ਸਨ, ਉਹ ਅੱਜ ਵੀ ਹੱਲ ਨਹੀਂ ਹੋਏ ਹਨ। ਬਾਦਲਾਂ ਦੀ ਲੋਕਪ੍ਰਿਯਤਾ ਦਾ ਅਸਲ ਤੌਰ ''ਤੇ ਪਤਾ ਇਕ ਸਾਲ ਬਾਅਦ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਲੱਗੇਗਾ। ਇਹ ਗੱਲ ਬਾਦਲਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ। ਕੈਪਟਨ ਨੇ ਕਿਹਾ ਕਿ 2017 ਦੀ ਅਸਲ ਲੜਾਈ ''ਚ ਬਾਦਲਾਂ ਦਾ ਅੰਤ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪੁਲਸ ਫਾਇਰਿੰਗ ''ਚ ਮਾਰੇ ਗਏ ਪ੍ਰਦਰਸ਼ਨਕਾਰੀਆਂ ਦਾ ਮਾਮਲਾ ਅਜੇ ਤੱਕ ਹੱਲ ਨਹੀਂ ਹੋਇਆ।
ਬਾਦਲ ਵਲੋਂ ਜ਼ਿਮਨੀ ਚੋਣ ਦੀ ਨਤੀਜਿਆਂ ਨੂੰ ਇਤਿਹਾਸਕ ਜਿੱਤ ਕਰਾਰ ਦੇਣ ''ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਜ਼ਿਮਨੀ ਚੋਣ ਦੇ ਨਤੀਜੇ ਨੂੰ ਲੈ ਕੇ ਕੋਈ ਸੁਪਨੇ ਨਾ ਦੇਖਣ।