ਸਿੱਧੂ ਦੇ ਪ੍ਰਧਾਨ ਬਣਦਿਆਂ ਹੀ ''ਕੈਪਟਨ'' ਨੇ ਖੋਲ੍ਹਿਆ ਖਜ਼ਾਨੇ ਦਾ ਮੂੰਹ, ਪੂਰੀ ਤਰ੍ਹਾਂ ਹੋਏ ਸਰਗਰਮ
Wednesday, Jul 21, 2021 - 09:31 AM (IST)
ਜਲੰਧਰ/ਚੰਡੀਗੜ੍ਹ (ਧਵਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਉਨ੍ਹਾਂ 658 ਕਰੋੜ ਰੁਪਏ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਪੋਰਟਸ ਕਿੱਟਾਂ ਲਈ 22.50 ਕਰੋੜ, ਓਪਨ ਜਿੰਮਾਂ ਲਈ 30 ਕਰੋੜ ਅਤੇ ਮਹਿਲਾ ਮੰਡਲਾਂ ਲਈ 7.50 ਕਰੋੜ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਨਵਜੋਤ ਸਿੱਧੂ ਦੇ ਪ੍ਰਧਾਨ ਬਣਦਿਆਂ ਹੀ ਆਖ਼ਰ ਮੁੱਖ ਮੰਤਰੀ ਵੀ ਹੁਣ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਸ਼ਹਿਰ 'ਚ ਧਾਰਾ-144 ਲਾਗੂ ਕਰਕੇ ਲਾਈ ਇਹ ਰੋਕ
ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿਚ ਵਿਕਾਸ ਪ੍ਰਾਜੈਕਟ ਚੱਲਣੇ ਹਨ।ਵਿਧਾਇਕਾਂ ਨੂੰ ਭਰੋਸੇ ’ਚ ਲੈ ਕੇ ਇਹ ਸਾਰੇ ਕੰਮ ਪੂਰੇ ਹੋਣਗੇ। ਮੁੱਖ ਮੰਤਰੀ ਦੇ ਬੁਲਾਰੇ ਅਨੁਸਾਰ ਪ੍ਰੋਗਰਾਮ ਤਹਿਤ ਸਫ਼ਾਈ ਪ੍ਰਾਜੈਕਟਾਂ, ਬੇਘਰਾਂ ਨੂੰ ਘਰ ਮੁਹੱਈਆ ਕਰਵਾਉਣਾ, ਪੀਣ ਵਾਲੇ ਸਾਫ਼ ਪਾਣੀ ਤੱਕ ਪਹੁੰਚ ਬਣਾਉਣੀ, ਟਾਇਲਟ ਬਣਾਉਣਾ, ਸਰਕਾਰੀ ਸਕੂਲਾਂ ਵਿਚ ਵਾਧੂ ਕਮਰੇ ਬਣਾਉਣਾ, ਸ਼ਮਸ਼ਾਨਘਾਟਾਂ ਵਿਚ ਪੀਣ ਵਾਲੇ ਪਾਣੀ ਤੇ ਰਿਹਾਇਸ਼ ਦਾ ਇੰਤਜ਼ਾਮ ਕਰਵਾਉਣਾ, ਸ਼ਹਿਰੀ ਖੇਤਰਾਂ ਵਿਚ ਸਟ੍ਰੀਟ ਲਾਈਟਾਂ ਦੀ ਸਹੂਲਤ ਦੇਣੀ, ਵੇਟਿੰਗ ਰੂਮ ਬਣਾਉਣਾ ਅਤੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ, ਭਾਈਚਾਰਕ ਸਿਹਤ ਕੇਂਦਰਾਂ, ਪਸ਼ੂ ਹਸਪਤਾਲਾਂ ਤੇ ਧਰਮਸ਼ਾਲਾਵਾਂ ਦੀ ਮੁਰੰਮਤ, ਪੇਂਡੂ ਖੇਤਰਾਂ ਵਿਚ ਭਾਈਚਾਰਕ ਕੇਂਦਰ ਤੇ ਪੰਚਾਇਤ ਘਰ ਬਣਾਉਣਾ, ਸੀਵਰੇਜ ਦੀਆਂ ਸਹੂਲਤਾਂ ਦੇਣਾ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਹੁਣ ਸੌਖੀ ਨਹੀਂ ਹੋਵੇਗੀ ਪੰਜਾਬ 'ਚ ਨਕਲੀ ਸ਼ਰਾਬ ਦੀ ਵਿਕਰੀ, ਸਰਕਾਰ ਲਾਗੂ ਕਰੇਗੀ ਇਹ ਪ੍ਰਣਾਲੀ
18 ਜੂਨ ਨੂੰ ਕੈਬਨਿਟ ਵੱਲੋਂ ਮਨਜ਼ੂਰ ਸੋਧੇ ਹੋਏ ਨਿਯਮਾਂ ਅਨੁਸਾਰ 2006 ਵਿਚ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸ਼ਾਮਲ ਕੀਤੇ ਗਏ ਸਾਰੇ ਪ੍ਰੋਗਰਾਮਾਂ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਹਿੰਦੂ ਮੰਤਰੀਆਂ ਤੋਂ 'ਨਵਜੋਤ ਸਿੱਧੂ' ਦੀ ਦੂਰੀ ਬਰਕਰਾਰ
13 ਮਈ, 2021 ਨੂੰ ਇਸ ਪ੍ਰੋਗਰਾਮ ਤਹਿਤ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਅਨੁਸੂਚਿਤ ਜਾਤੀਆਂ, ਪੱਛੜੇ ਵਰਗਾਂ ਤੇ ਹੋਰ ਪੱਛੜੇ ਵਰਗਾਂ ਦੇ ਘਰਾਂ ਦੀ ਮੁਰੰਮਤ ਤੇ ਉਨ੍ਹਾਂ ਦੇ ਨਵੀਨੀਕਰਨ ਦੇ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿਚ ਘੱਟ ਤੋਂ ਘੱਟ ਰਕਮ 10,000 ਰੁਪਏ ਤੇ ਵੱਧ ਤੋਂ ਵੱਧ 35,000 ਰੁਪਏ ਰੱਖੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ