ਕਮੇਟੀ ਸਾਹਮਣੇ ਗੁੱਸੇ ''ਚ ਆਏ ''ਕੈਪਟਨ'' ਬੋਲੇ, ਪੂਰੇ ਵਿਵਾਦ ਦੀ ਅਸਲ ਜੜ੍ਹ ''ਨਵਜੋਤ ਸਿੱਧੂ''
Wednesday, Jun 23, 2021 - 06:09 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ’ਤੇ ਗਠਿਤ ਮੱਲਿਕਾਰਜੁਨ ਕਮੇਟੀ ਦੇ ਮੈਬਰਾਂ ਨੇ ਮੰਗਲਵਾਰ ਨੂੰ ਕਰੀਬ 3 ਘੰਟੇ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਕਮੇਟੀ ਨੇ ਪੰਜਾਬ ਦੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਕਾਂਗਰਸੀ ਨੇਤਾਵਾਂ ਨਾਲ ਕੁੱਝ ਦਿਨ ਪਹਿਲਾਂ ਹੋਈ ਮੁਲਾਕਾਤ ਤੋਂ ਬਾਅਦ ਤਿਆਰ ਕੀਤੀ ਗਈ ਰਿਪੋਰਟ ’ਤੇ ਵਿਸਤਾਰਪੂਰਵਕ ਮੰਥਨ ਕੀਤਾ ਗਿਆ।
ਹਾਲਾਂਕਿ ਇਸ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਭ ਤੋਂ ਜ਼ਿਆਦਾ ਚਰਚਾ ਵਿਚ ਰਹੇ। ਖ਼ਾਸ ਤੌਰ ’ਤੇ ਪਟਿਆਲਾ ਵਿਚ ਸਿੱਧੂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਮਾਮਲਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਮੇਟੀ ਦੇ ਸਾਹਮਣੇ ਚੁੱਕਿਆ। ਮੱਲਿਕਾਰਜੁਨ ਕਮੇਟੀ ਦੇ ਸਾਹਮਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ’ਤੇ ਦੋਸ਼ ਲਗਾਇਆ ਕਿ ਪੰਜਾਬ ਵਿਚ ਪੂਰੇ ਵਿਵਾਦ ਦੀ ਅਸਲ ਜੜ੍ਹ ਨਵਜੋਤ ਸਿੰਘ ਸਿੱਧੂ ਹੀ ਹਨ।
ਇਹ ਵੀ ਪੜ੍ਹੋ : ਖੰਨਾ 'ਚ ਤੜਕੇ ਸਵੇਰੇ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਮੌਕੇ 'ਤੇ ਹੀ ਮੌਤ
ਉਨ੍ਹਾਂ ਦੀਆਂ ਬੇਤੁਕੀਆਂ ਬਿਆਨਬਾਜ਼ੀਆਂ ਕਾਰਣ ਪੰਜਾਬ ਸਰਕਾਰ ਦੇ ਅਕਸ ’ਤੇ ਤਾਂ ਪ੍ਰਭਾਵ ਪੈ ਹੀ ਰਿਹਾ ਹੈ, ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਪੱਧਰ ’ਤੇ ਮੁਲਾਜ਼ਮਾਂ ਵਿਚ ਕਾਫ਼ੀ ਕਿਰਕਿਰੀ ਹੋ ਰਹੀ ਹੈ। ਸਿੱਧੂ ਦੀ ਬਗਾਵਤ ਕਾਰਣ ਹੀ ਕਈ ਆਗੂ ਉਨ੍ਹਾਂ ਦੇ ਸੁਰ ਵਿਚ ਸੁਰ ਮਿਲਾ ਰਹੇ ਹਨ। ਇਨ੍ਹਾਂ ’ਤੇ ਸਖ਼ਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਝੁੱਗੀ-ਝੌਂਪੜੀ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਚੰਗੀ ਖ਼ਬਰ, ਘਰ ਦਾ ਸੁਫ਼ਨਾ ਹੋਵੇਗਾ ਸਾਕਾਰ
ਰਾਹੁਲ ਦੀ ਵਿਧਾਇਕਾਂ ਨੂੰ ਨਸੀਹਤ, ਜਨਤਕ ਬਿਆਨਬਾਜ਼ੀ ਤੋਂ ਬਚੋ
ਰਾਹੁਲ ਗਾਂਧੀ ਨੇ ਪੰਜਾਬ ਦੇ ਤਮਾਮ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਜਨਤਕ ਬਿਆਨਬਾਜ਼ੀ ਤੋਂ ਬਚਣ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਹਾਈਕਮਾਨ ਵੱਲੋਂ ਗਠਿਤ ਕਮੇਟੀ ਦੇ ਸਾਹਮਣੇ ਆਪਣੀ ਗੱਲ ਰੱਖ ਸਕਦਾ ਹੈ, ਉਨ੍ਹਾਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਜਾਵੇਗਾ। ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ, ਜਿਸ ਨਾਲ ਪਾਰਟੀ ਦੇ ਅਕਸ ਨੂੰ ਨੁਕਸਾਨ ਪੁੱਜਦਾ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ