ਮੁੱਖ ਮੰਤਰੀ ਵੱਲੋਂ ਕੈਂਸਰ ਮਰੀਜ਼ਾਂ ਲਈ ਕੀਮੋਥੈਰੇਪੀ ਦਾ ਪ੍ਰਬੰਧ ਕਰਨ ਨਿਰਦੇਸ਼
Saturday, May 08, 2021 - 02:18 PM (IST)
ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੂੰ ਹਦਾਇਤ ਕੀਤੀ ਕਿ ਉਹ ਬਠਿੰਡਾ ਸਿਵਲ ਹਸਪਤਾਲ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਉਪਲੱਬਧ ਕਰਵਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕੈਂਸਰ ਹਸਪਤਾਲ ਨੂੰ ਕੋਵਿਡ ਮਰੀਜ਼ਾਂ ਲਈ ਐੱਲ-3 ਸਹੂਲਤ ਦੇ ਤੌਰ ’ਤੇ ਇਸਤੇਮਾਲ ਕਰਨਾ ਜਾਰੀ ਰੱਖਿਆ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਜਿਨ੍ਹਾਂ ਮਰੀਜ਼ਾਂ ਨੂੰ ਰੈਗੂਲਰ ਤੌਰ ’ਤੇ ਪੇਨਕਿਲਰ ਦੀ ਲੋੜ ਹੁੰਦੀ ਹੈ, ਉਨ੍ਹਾਂ ਲਈ ਕੁੱਝ ਬਦਲਵੇਂ ਪ੍ਰਬੰਧ ਕੀਤੇ ਜਾਣ ਚਾਹੀਦੇ ਹਨ। ਕੋਵਿਡ ਸਮੀਖਿਆ ਬੈਠਕ ਵਿਚ ਇਸ ਤੋਂ ਪਹਿਲਾਂ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਕੈਂਸਰ ਹਸਪਤਾਲ ਦੇ 25 ਬੈੱਡ ਕੋਵਿਡ-19 ਮਰੀਜ਼ਾਂ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਕਿਉਂਕਿ ਬਠਿੰਡਾ ਏਮਜ਼ ਐੱਲ-3 ਦੇ ਇਲਾਜ ਲਈ ਉਪਲੱਬਧ ਨਹੀਂ ਹੈ ਅਤੇ ਦੱਖਣੀ ਪੰਜਾਬ ਦੇ ਮਰੀਜ਼ਾਂ ਨੂੰ ਇਲਾਜ ਲਈ ਅਜਿਹੀ ਕੋਈ ਅਤੇ ਸਹੂਲਤ ਉਪਲੱਬਧ ਨਾ ਹੋਣ ਦੇ ਕਾਰਣ ਗੰਭੀਰ ਮਰੀਜ਼ਾਂ ਨੂੰ ਇਲਾਜ ਲਈ ਲੁਧਿਆਣਾ ਜਾਂ ਪਟਿਆਲਾ ਵਿਚ ਜਾਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਕੈਂਸਰ ਦੇ 40 ਮਰੀਜ਼ ਹਨ, ਜੋ ਹਸਪਤਾਲ ਜਾਂਦੇ ਹਨ ਅਤੇ ਵੱਖਰੇ ਖੇਤਰ ਵਿਚ ਇਲਾਜ ਕਰਵਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕੋਵਿਡ ਸਬੰਧੀ ਕੋਈ ਖਤਰਾ ਨਹੀਂ ਹੁੰਦਾ।