''ਸ੍ਰੀ ਦਰਬਾਰ ਸਾਹਿਬ'' (ਮੁਕਤਸਰ) ''ਚ ਵਿਛੇਗੀ ਨਵੀਂ ਵਾਟਰ ਪਾਈਪਲਾਈਨ, 85 ਲੱਖ ਮਨਜ਼ੂਰ

01/17/2020 9:40:15 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ 'ਚ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਸਵੱਛ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੀਂ ਅੰਡਰਗਰਾਊਂਡ ਵਾਟਰ ਪਾਈਪਲਾਈਨ ਵਿਛਾਉਣ ਸਬੰਧੀ 85 ਲੱਖ ਰੁਪਏ ਦੀ ਰਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਗਲਵਾਰ ਨੂੰ ਕੈਬਨਿਟ 'ਚ ਬੈਠਕ ਦੌਰਾਨ ਉਕਤ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਕਤ ਰਾਸ਼ੀ ਤੁਰੰਤ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਜਾਵੇ।

ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਿਹਾ ਕਿ ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਲੈਂਦੇ ਹੋਏ ਤੁਰੰਤ ਪੂਰਾ ਕਰਾਇਆ ਜਾਵੇ ਅਤੇ ਲੋੜ ਪੈਣ 'ਤੇ ਧਨ ਰਾਸ਼ੀ ਵੀ ਮੁੱਹਈਆ ਕਰਵਾਈ ਜਾਵੇ। ਸ੍ਰੀ ਦਰਬਾਰ ਸਾਹਿਬ ਗੁਰਦੁਆਰੇ ਦੇ ਪ੍ਰਬੰਧਕ ਬਲਦੇਵ ਸਿੰਘ ਨੇ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਤੁਰੰਤ ਜ਼ਰੂਰੀ ਫੰਡਾਂ ਦੀ ਮੰਗ ਕੀਤੀ ਸੀ ਅਤੇ ਨਾਲ ਹੀ ਨਗਰ ਕੌਂਸਲ ਨੂੰ ਨਿਰਦੇਸ਼ ਜਾਰੀ ਕਰਨ ਲਈ ਕਿਹਾ ਸੀ ਤਾਂ ਜੋ ਨਵੀਂ ਪਾਈਪਲਾਈਨ ਹੰਸਲੀ ਤੋਂ ਸਰੋਵਰ ਤੱਕ ਪਾਈ ਜਾ ਸਕੇ।

ਇਸ ਨਾਲ ਸ਼ਰਧਾਲੂਆਂ ਨੂੰ ਸਵੱਛ ਪਾਣੀ ਮਿਲ ਸਕੇਗਾ। ਚਿੱਠੀ 'ਚ ਉਨ੍ਹਾਂ ਨੇ ਇਹ ਵੀ ਲਿਖਿਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਲਈ ਜਿਸ ਪਾਈਪਲਾਈਨ ਦਾ ਇਸਤੇਮਾਲ ਹੋ ਰਿਹਾ ਹੈ, ਉਹ 80 ਸਾਲ ਪੁਰਾਣੀ ਹੈ ਅਤੇ ਉਸ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਬਲਦੇਵ ਸਿੰਘ ਨੇ ਉਕਤ ਚਿੱਠੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਉਸ ਸਮੇਂ ਸੌਂਪੀ ਸੀ, ਜਦੋਂ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਮਾਘੀ ਦੇ ਮੌਕੇ 'ਤੇ ਗਏ ਸਨ। ਉਨ੍ਹਾਂ ਨੇ ਇਹ ਚਿੱਠੀ ਮੁੱਖ ਮੰਤਰੀ ਨੂੰ ਸੌਂਪੀ, ਜਿਸ ਤੋਂ ਬਾਅਦ ਉਕਤ ਕਾਰਵਾਈ ਹੋਈ।


Babita

Content Editor

Related News