1984 ਦੇ ਦੰਗਿਆਂ ''ਚ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ : ਕੈਪਟਨ
Tuesday, Aug 20, 2019 - 10:46 AM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਖਬੀਰ ਬਾਦਲ ਨੂੰ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਬਾਰੇ ਬੋਲੇ ਝੂਠ 'ਤੇ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਅਜਿਹਾ ਕਰ ਕੇ ਉਹ ਸਿੱਖ ਭਾਈਚਾਰੇ ਨੂੰ ਭੜਕਾਉਣ ਤੇ ਵੰਡਣ ਦੀ ਸਾਜ਼ਿਸ਼ ਰਚ ਰਿਹਾ ਹੈ। ਰਾਜੀਵ ਗਾਂਧੀ ਦੀ 75ਵੀਂ ਜਨਮ ਵਰ੍ਹੇਗੰਢ ਮੌਕੇ ਅਕਾਲੀ ਦਲ ਪ੍ਰਧਾਨ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਕਰੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਕਿਧਰੇ ਵੀ 1984 ਦੇ ਦੰਗਿਆਂ ਦੌਰਾਨ ਨਹੀਂ ਆਇਆ ਅਤੇ ਨਾ ਹੀ ਬਾਅਦ 'ਚ ਆਇਆ ਸਗੋਂ ਇਹ ਕੂੜ ਪ੍ਰਚਾਰ ਭਾਜਪਾ ਤੇ ਅਕਾਲੀ ਦਲ ਵਲੋਂ ਸਿੱਖ ਵੋਟਾਂ ਲੈਣ ਲਈ ਉਤਾਵਲੇਪਣ 'ਚ ਕੀਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਵਲੋਂ ਲਗਾਤਾਰ ਇਸ ਮਾਮਲੇ 'ਚ ਝੂਠ ਬੋਲਦਿਆਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਇਹ ਸਿੱਧ ਕਰਦੀਆਂ ਹਨ ਕਿ 1984 'ਚ ਤੱਤਕਾਲੀ ਪ੍ਰਧਾਨ ਮੰਤਰੀ ਅਤੇ ਰਾਜੀਵ ਗਾਂਧੀ ਦੀ ਮਾਤਾ ਇੰਦਰਾ ਗਾਂਧੀ ਦੀ ਦੁਖਦਾਈ ਹੱਤਿਆ ਤੋਂ ਬਾਅਦ ਵਾਪਰੇ ਘਟਨਾਕ੍ਰਮ ਪਿੱਛੇ ਰਾਜੀਵ ਗਾਂਧੀ ਦਾ ਕੋਈ ਹੱਥ ਨਹੀਂ ਸੀ।
ਕੈ. ਅਮਰਿੰਦਰ ਨੇ ਉਸ ਵੇਲੇ ਦੇ ਘਟਨਾਕ੍ਰਮ ਨੂੰ ਚੇਤੇ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਉਸ ਵੇਲੇ ਦਿੱਲੀ 'ਚ ਨਹੀਂ ਸਨ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਹੱਤਿਆ ਦੀ ਖਬਰ ਪੱਛਮੀ ਬੰਗਾਲ 'ਚ ਹਵਾਈ ਅੱਡੇ 'ਤੇ ਰੇਡੀਓ ਉਪਰ ਮਿਲੀ ਸੀ (ਉਸ ਵੇਲੇ ਕੋਈ ਮੋਬਾਇਲ ਆਦਿ ਹੋਰ ਤਾਂ ਹੁੰਦੇ ਨਹੀਂ ਸਨ)।
ਉਨ੍ਹਾਂ ਸੁਖਬੀਰ ਬਾਦਲ ਨੂੰ ਇਸ ਮਾਮਲੇ 'ਤੇ ਵਾਰ-ਵਾਰ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਵੀ ਭੰਡਿਆ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਹੱਕਾਂ ਦਾ ਰਾਖਾ ਕਹਿੰਦਾ ਹੈ ਪਰ ਅਸਲੀਅਤ ਵਿਚ ਉਨ੍ਹਾਂ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸੂਬੇ 'ਚ ਸਿੱਖਾਂ ਲਈ ਕੁਝ ਨਹੀਂ ਕੀਤਾ ਬਲਕਿ ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ 'ਚ ਬੇਅਦਬੀ ਦੀਆਂ ਕਈ ਦੁਖਦਾਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਰੋਕਣ ਅਤੇ ਹੱਲ ਕਰਨ ਲਈ ਉਨ੍ਹਾਂ ਨੇ ਕੁਝ ਨਹੀਂ ਕੀਤਾ। ਰਾਜੀਵ ਗਾਂਧੀ ਦੀ ਜਨਮ ਵਰ੍ਹੇਗੰਢ ਵੇਲੇ ਹੀ ਅਕਾਲੀਆਂ ਵਲੋਂ ਲਾਏ ਜਾਣ ਵਾਲੇ ਇਹ ਦੋਸ਼ ਸਿਰਫ ਆਪਣੇ ਕੀਤੇ ਕੁਕਰਮਾਂ 'ਤੇ ਪਰਦਾ ਪਾਉਣ ਦੀ ਇਕ ਕੋਸ਼ਿਸ਼ ਹੈ।