...ਤੇ ਅਮਰਿੰਦਰ ਹੀ ਪੰਜਾਬ ਦੇ ਅਸਲ ''ਕੈਪਟਨ''!
Friday, Apr 12, 2019 - 10:47 AM (IST)

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਭਾਵੇਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਕੈਪਟਨ ਨਾ ਮੰਨਣ ਪਰ ਲੋਕ ਸਭਾ ਚੋਣਾਂ 'ਚ ਟਿਕਟਾਂ ਦੀ ਵੰਡ ਤੋਂ ਬਾਅਦ ਸਿੱਧ ਹੋ ਗਿਆ ਹੈ ਕਿ ਅਮਰਿੰਦਰ ਸਿੰਘ ਹੀ ਪੰਜਾਬ ਦੇ ਅਸਲ 'ਕੈਪਟਨ' ਹਨ ਕਿਉਂਕਿ ਕਾਂਗਰਸ ਵਲੋਂ ਪੰਜਾਬ ਲਈ 11 ਉਮੀਦਵਾਰਾਂ ਦੇ ਐਲਾਨ 'ਚੋਂ 5 ਉਮੀਦਵਾਰ ਕੈਪਟਨ ਦੀ ਲਿਸਟ 'ਚ ਸਨ, ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ।
ਅਸਲ 'ਚ ਕੈਪਟਨ ਅਮਰਿੰਦਰ ਸਿੰਘ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਟਿਕਟ ਦਿਵਾਉਣੀ ਚਾਹੁੰਦੇ ਸਨ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਫਿਰ ਵੀ ਅਖੀਰ 'ਚ ਕੈਪਟਨ, ਮਨੀਸ਼ ਤਿਵਾੜੀ ਨੂੰ ਟਿਕਟ ਦਿਵਾਉਣ 'ਚ ਕਾਮਯਾਬ ਹੋ ਗਏ। ਇਸੇ ਤਰ੍ਹਾਂ ਸੰਗਰੂਰ ਸੀਟ 'ਤੇ ਵੀ ਕੈਪਟਨ ਨੇ ਆਪਣੇ ਨਜ਼ਦੀਕੀ ਅਤੇ ਜੱਟ ਉਮੀਦਵਾਰ ਕੇਵਲ ਢਿੱਲੋਂ ਨੂੰ ਹੀ ਟਿਕਟ ਦੁਆਈ। ਜੇਕਰ ਖਡੂਰ ਸਾਹਿਬ, ਸੰਗਰੂਰ, ਸ੍ਰੀ ਆਨੰਦਪੁਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਸੀਟਾਂ ਦੀ ਗੱਲ ਕਰੀਏ ਤਾਂ ਇੱਥੋਂ ਵੀ ਕੈਪਟਨ ਦੇ ਚਾਹੁਣ ਵਾਲਿਆਂ ਨੂੰ ਹੀ ਟਿਕਟ ਮਿਲੀ ਹੈ। ਇਸ ਤਰ੍ਹਾਂ ਕੈਪਟਨ ਨੇ ਆਪਣੀ ਸਰਦਾਰੀ ਪੰਜਾਬ 'ਚ ਸਾਬਿਤ ਕਰ ਦਿੱਤੀ ਹੈ।