ਗੁੱਸੇ 'ਚ ਆਏ ਕੈਪਟਨ ਨੇ ਇਮਰਾਨ ਖਾਨ ਨੂੰ ਸਿੱਧੀਆਂ ਸੁਣਾਈਆਂ, ਦਿੱਤਾ ਕਰਾਰਾ ਜਵਾਬ
Tuesday, Feb 19, 2019 - 04:51 PM (IST)
ਚੰਡੀਗੜ੍ਹ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪੁਲਵਾਮਾ ਹਮਲੇ 'ਤੇ ਭਾਰਤ ਖਿਲਾਫ ਦਿੱਤੇ ਬਿਆਨ ਦਾ ਕਰਾਰਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਹਮਲੇ ਦੀ ਸਾਜਿਸ਼ ਰਚਣ ਵਾਲਾ ਜੈਸ਼ ਦਾ ਮੁਖੀ ਮਸੂਦ ਅਜਹਰ ਬਹਾਵਲਪੁਰ 'ਚ ਬੈਠਾ ਹੋਇਆ ਹੈ ਅਤੇ ਆਈ. ਐੱਸ. ਆਈ. ਦੀ ਮਦਦ ਨਾਲ ਹਮਲਿਆਂ ਨੂੰ ਅੰਜਾਮ ਦੇ ਰਿਹਾ ਹੈ। ਕੈਪਟਨ ਨੇ ਟਵੀਟ ਕਰਕੇ ਪਾਕਿ ਪ੍ਰਧਾਨ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਜਾਓ ਪਹਿਲਾਂ ਉਸ ਨੂੰ ਫੜ੍ਹ ਕੇ ਲਿਆਓ ਅਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਡੇ ਲਈ ਇਹ ਕਰ ਦੇਵਾਂਗੇ। ਕੈਪਟਨ ਨੇ ਕਿਹਾ ਕਿ ਅੱਜ ਪੁਲਵਾਮਾ ਹਮਲੇ ਦਾ ਸਬੂਤ ਮੰਗਣ ਵਾਲੇ ਪਾਕਿਸਤਾਨ ਨੇ 26/11 ਦੇ ਹਮਲੇ ਦੇ ਦਿੱਤੇ ਸਬੂਤਾਂ ਦਾ ਕੀ ਕੀਤਾ? ਕੈਪਟਨ ਨੇ ਕਿਹਾ ਕਿ ਇਹ ਗੱਲਾਂ 'ਤੇ ਅਮਲ ਕਰਨ ਦਾ ਸਮਾਂ ਹੈ।
ਤੁਹਾਨੂੰ ਦੱਸ ਦੇਈਏ ਕਿ ਥੋੜ੍ਹੀ ਦੇਰ ਪਹਿਲਾਂ ਹੀ ਪੁਲਵਾਮਾ ਹਮਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਆਇਆ ਸੀ ਕਿ ਭਾਰਤ ਬਿਨਾਂ ਸਬੂਤ ਪਾਕਿਸਤਾਨ 'ਤੇ ਦੋਸ਼ ਲਾ ਰਿਹਾ ਹੈ ਅਤੇ ਜੇਕਰ ਭਾਰਤ ਪਾਕਿਸਤਾਨ 'ਤੇ ਹਮਲਾ ਕਰਦਾ ਹੈ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ, ਜਿਸ 'ਤੇ ਪਲਟਵਾਰ ਕਰਦਿਆਂ ਕੈਪਟਨ ਨੇ ਵੀ ਇਮਰਾਨ ਖਾਨ ਨੂੰ ਸਿੱਧੀਆਂ-ਸਿੱਧੀਆਂ ਸੁਣਾ ਦਿੱਤੀਆਂ।