ਕੈਪਟਨ ਤੇ ਹਰਸਿਮਰਤ ਵਿਚਾਲੇ ਟਕਰਾਅ ਦਾ ਮਾਹੌਲ!

Thursday, Feb 06, 2020 - 07:11 PM (IST)

ਕੈਪਟਨ ਤੇ ਹਰਸਿਮਰਤ ਵਿਚਾਲੇ ਟਕਰਾਅ ਦਾ ਮਾਹੌਲ!

ਚੰਡੀਗੜ੍ਹ : ਲੁਧਿਆਣਾ ਦੇ ਪਿੰਡ ਲਾਡੋਵਾਲ 'ਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਦੋਹਾਂ ਧਿਰਾਂ ਵਿਚਕਾਰ ਫੂਡ ਪਾਰਕ ਨੂੰ ਲੈ ਕੇ ਸਿਆਸੀ ਲਾਭ ਲੈਣ ਦੀ ਦੌੜ ਲੱਗੀ ਹੋਈ ਹੈ। ਹਰਸਿਮਰਤ ਬਾਦਲ ਦੇ ਮੰਤਰਾਲੇ ਨੇ ਆਪਣੀ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮੈਗਾ ਫੂਡ ਪਾਰਕ ਦੀ ਪ੍ਰਵਾਨਗੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ।

ਬੀਬੀ ਬਾਦਲ ਦੀ ਅਗਵਾਈ ਹੇਠਲੇ ਮੰਤਰਾਲੇ ਨੇ ਸਪੱਸ਼ਟ ਕਿਹਾ ਹੈ ਕਿ ਇਸ ਫੂਡ ਪਾਰਕ ਲਈ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਪਸ ਲੈ ਲਈ ਜਾਵੇਗੀ। ਦੂਜੇ ਪਾਸੇ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਕੇ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਵੱਡੇ ਪ੍ਰਾਜੈਕਟ ਦਾ ਉਦਘਾਟਨ ਖੁਦ ਕਰਕੇ ਆਪਣੇ ਸਿਰ ਸਿਹਰਾ ਬੰਨ੍ਹਣਾ ਚਾਹੁੰਦੇ ਹਨ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸਾਲ 2019 'ਚ ਹੋਈਆਂ ਸੰਸਦੀ ਚੋਣਾਂ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਦੀ ਯੋਜਨਾ ਵੀ ਬਣਾ ਲਈ ਸੀ ਪਰ ਸੂਬਾ ਸਰਕਾਰ ਵਲੋਂ ਦਿੱਤੀਆਂ ਗਈਆਂ ਦਲੀਲਾਂ ਕਾਰਨ ਉਦਘਾਟਨ ਦਾ ਕਾਰਜ ਸਿਰੇ ਨਹੀਂ ਚੜ੍ਹ ਸਕਿਆ। ਪੰਜਾਬ ਦੇ ਇਸ ਪ੍ਰਾਜੈਕਟ ਦਾ ਉਦਘਾਟਨ ਹੁਣ ਸਿਰ 'ਤੇ ਹੋਣ ਕਰਕੇ ਦੋਹਾਂ ਧਿਰਾਂ ਦਰਮਿਆਨ ਖਿੱਚੋਤਾਣ ਵਧ ਰਹੀ ਹੈ।


author

Babita

Content Editor

Related News