ਦਿੱਲੀ ਹਿੰਸਾ 'ਤੇ ਬੋਲੇ ਕੈਪਟਨ, ਅਮਿਤ ਸ਼ਾਹ ਤੇ ਕੇਜਰੀਵਾਲ ਨੂੰ ਕਹੀ ਇਹ ਗੱਲ
Wednesday, Feb 26, 2020 - 09:22 PM (IST)
ਜਲੰਧਰ,(ਧਵਨ)-ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਸੀ. ਏ. ਏ. ਅਤੇ ਹੋਰਨਾਂ ਕਾਨੂੰਨਾਂ ਦੇ ਹੱਕ 'ਚ ਅਤੇ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਸਭ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ-ਬੈਠ ਕੇ ਸੰਕਟ ਦਾ ਹੱਲ ਕੱਢਣ ਲਈ ਕਿਹਾ ਹੈ। ਦਿੱਲੀ 'ਚ ਫੈਲੀ ਹਿੰਸਾ ਬਾਰੇ ਕੀਤੇ ਟਵੀਟ 'ਚ ਮੁੱਖ ਮੰਤਰੀ ਵਲੋਂ ਇਨ੍ਹਾਂ ਪ੍ਰਦਰਸ਼ਨਾਂ ਨਾਲ ਲੋਕਾਂ ਦੀਆਂ ਜਾਨਾਂ ਅਤੇ ਮਾਲ ਨੂੰ ਦਰਪੇਸ਼ ਖ਼ਤਰਿਆਂ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਦਿੱਲੀ ਦੀ ਜਨਤਾ ਨੂੰ ਹੋਕਾ ਦਿੱਤਾ ਕਿ ਉਹ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਭਰਪੂਰ ਯਤਨ ਕਰਨ।
ਕੈਪਟਨ ਨੇ ਕਿਹਾ ਕਿ ਸੰਕਟ ਦਾ ਫ਼ੌਰੀ ਹੱਲ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਤਸ਼ੱਦਦ 'ਚ ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਹਨ। ਸੀ. ਏ. ਏ. ਬਾਰੇ ਕੇਂਦਰ ਦੀ ਭਾਜਪਾ ਸਰਕਾਰ ਨੇ ਮੁਕੰਮਲ ਚੁੱਪ ਅਖ਼ਤਿਆਰ ਕੀਤੀ ਹੋਈ ਹੈ। ਕੇਂਦਰ ਸਰਕਾਰ ਨੇ ਸੀ. ਏ. ਏ. ਬਣਾਉਣ ਤੋਂ ਬਾਅਦ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਣ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਹਿੰਸਾ ਦਾ ਦੌਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਇਸ ਹਾਲਤ 'ਚੋਂ ਦੇਸ਼ ਨੂੰ ਕੱਢਣ ਦੀ ਲੋੜ ਹੈ ਅਤੇ ਅਮਨ-ਕਾਨੂੰਨ ਅਤੇ ਇਕਸਾਰਤਾ ਬਣਾਏ ਰੱਖਣਾ ਇਸ ਸਮੇਂ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ।