ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ''ਚ ਤਾਇਨਾਤ ਪੁਲਸ ਮੁਲਾਜ਼ਮ ਦਾ ਸ਼ਰੇਆਮ ਕਤਲ

Sunday, Aug 04, 2019 - 06:58 PM (IST)

ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ''ਚ ਤਾਇਨਾਤ ਪੁਲਸ ਮੁਲਾਜ਼ਮ ਦਾ ਸ਼ਰੇਆਮ ਕਤਲ

ਮੋਹਾਲੀ/ਜਲਾਲਾਬਾਦ (ਜੱਸੋਵਾਲ/ਸੇਤੀਆ/ਨਿਖੰਜ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਵਿਚ ਤਾਇਨਾਤ ਇਕ ਪੁਲਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਸ਼ਨੀਵਾਰ ਦੇਰ ਰਾਤ ਮੋਹਾਲੀ 'ਚ ਕਤਲ ਹੋ ਗਿਆ। ਇਹ ਘਟਨਾ ਮੋਹਾਲੀ ਦੇ ਫ਼ੇਸ 11 ਸਥਿਤ ਇਕ ਨਾਈਟ ਕਲੱਬ 'ਵਾਕਿੰਗ ਸਟ੍ਰੀਟ ਐਂਡ ਕੈਫ਼ੇ' 'ਚ ਵਾਪਰੀ ਦੱਸੀ ਜਾ ਰਹੀ ਹੈ। ਰਾਤ ਨੂੰ ਉੱਥੇ ਅੰਮ੍ਰਿਤਸਰ ਦੇ ਕਿਸੇ ਸਾਹਿਲ ਨਾਂਅ ਦੇ ਵਿਅਕਤੀ ਨਾਲ ਉਸ ਦੀ ਕਿਸੇ ਗੱਲੋਂ ਬਹਿਸ ਹੋ ਗਈ।

PunjabKesari

ਇਸ ਦੌਰਾਨ ਉਕਤ ਦੋਵੇਂ ਜਦੋਂ ਉੱਚੀ–ਉੱਚੀ ਝਗੜਨ ਲੱਗੇ ਤਾਂ ਕਲੱਬ ਦੇ ਮਾਲਕ ਨੇ ਉਨ੍ਹਾਂ ਦੋਵਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ। ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਹਿਲ ਉੱਥੋਂ ਫ਼ਰਾਰ ਹੋ ਗਿਆ। ਪੁਲਸ ਨੇ ਸੁਖਵਿੰਦਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਸਾਹਿਲ ਦੀ ਭਾਲ਼ ਲਈ ਪੁਲਸ ਥਾਂ–ਥਾਂ ਛਾਪੇਮਾਰੀ ਕਰ ਰਹੀ ਹੈ। 

ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ ਸੁਖਵਿੰਦਰ
ਮ੍ਰਿਤਕ ਸੁਖਵਿੰਦਰ ਸਿੰਘ ਜਲਾਲਾਬਾਦ ਦੇ ਪਿੰਡ ਤਾਰੇ ਵਾਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਪੰਜਾਬ ਪੁਲਸ ਦੇ ਅਸਿਸਟੈਂਟ ਇੰਸਪੈਕਟਰ ਬਲਜੀਤ ਮਹਿਰੋਕ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਖਬਰ ਜਦੋਂ ਪਿੰਡ 'ਚ ਪੁੱਜੀ ਤਾਂ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ।

ਉਧਰ ਮੋਹਾਲੀ 'ਚ ਹੋਈ ਤਾਰੇਵਾਲਾ ਵਾਸੀ ਸੁਖਵਿੰਦਰ ਦੀ ਹੱਤਿਆ ਦੇ ਮਾਮਲੇ ਵਿਚ ਸੀ. ਆਈ. ਏ. ਸਟਾਫ ਦੀ ਟੀਮ ਦੇ ਕਦਮ ਜਲਾਲਾਬਾਦ ਵੀ ਪਏ। ਮੁੱਢਲੀ ਜਾਂਚ ਦੌਰਾਨ ਬੱਬੂ ਪੁੱਤਰ ਸੁਭਾਸ਼ ਚੰਦਰ ਵਾਸੀ ਬਾਗ ਕਾਲੋਨੀ ਜਲਾਲਾਬਾਦ ਨੂੰ ਹਿਰਸਾਤ ਵਿਚ ਲਿਆ ਹੈ। ਉਧਰ ਇਸ ਸੰਬੰਧੀ ਜਦੋਂ ਸੀ. ਆਈ. ਏ. ਸਟਾਫ ਮੋਹਾਲੀ ਦੇ ਏ. ਐੱਸ. ਆਈ. ਸਤਪਾਲ ਨਾਲ ਗੱਲਬਾਤ ਕੀਤੀ ਗਈ ਕਿ ਸੁਖਵਿੰਦਰ ਦੀ ਹੱਤਿਆ ਦੇ ਕੇਸ ਨਾਲ ਜੁੜੇ ਪਹਿਲੂਆਂ 'ਤੇ ਨਜ਼ਰ ਦੌੜਾਈ ਜਾ ਰਹੀ ਹੈ ਅਤੇ ਇਸ ਜਾਂਚ ਦੇ ਘੇਰੇ ਵਿਚ ਬੱਬੂ ਪੁੱਤਰ ਸੁਭਾਸ਼ ਚੰਦਰ ਵੀ ਆਇਆ ਹੈ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਬੱਬੂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਧਰ ਹੱਤਿਆ ਕਾਂਡ ਦੇ ਪਿੱਛੇ ਲੜਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਅਤੇ ਭਰੋਸੇਯੋਗ ਸੂਤਰਾ ਅਨੁਸਾਰ ਇਕ ਲੜਕੀ ਦੇ ਕਾਰਨ ਹੀ ਵਿਵਾਦ ਵਧਿਆ ਅਤੇ ਮਾਮਲਾ ਹੱਤਿਆ ਤੱਕ ਜਾ ਪਹੁੰਚਿਆ।


author

Gurminder Singh

Content Editor

Related News