ਸਰਕਾਰ ਮੰਡੀਆਂ 'ਚੋਂ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ : ਕੈਪਟਨ

Tuesday, Oct 15, 2019 - 07:10 PM (IST)

ਸਰਕਾਰ ਮੰਡੀਆਂ 'ਚੋਂ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ : ਕੈਪਟਨ

ਅਜੀਤਵਾਲ (ਰੱਤੀ ਕੋਕਰੀ) : ਪੰਜਾਬ ਸਰਕਾਰ ਮੰਡੀਆਂ 'ਚੋਂ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਚੁੱਕਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜੀਤਵਾਲ ਦੇ ਨੇੜਲੇ ਪਿੰਡ ਕਿੱਲੀ ਚਾਹਲਾਂ ਵਿਖੇ ਜ਼ਿਲੇ ਦੀਆਂ ਮੰਡੀਆਂ ਵਿਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਕੀਤਾ। ਉਹ ਅੱਜ ਹਵਾਈ ਮਾਰਗ ਰਾਹੀਂ ਵਿਧਾਨ ਸਭਾ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਸੰਦੀਪ ਸਿੰਘ ਸੰਧੂ ਦੇ ਹੱਕ ਵਿਚ ਰੋਡ ਸ਼ੋਅ ਕਰਨ ਲਈ ਕਿਲੀ ਚਾਹਲਾ ਵਿਖੇ ਪੁੱਜੇ ਸਨ। ਇੱਥੋਂ ਉਹ ਸੜਕ ਮਾਰਗ ਰਾਹੀਂ ਹਲਕਾ ਦਾਖਾ ਨੂੰ ਆਪਣੇ ਕਾਫਲੇ ਰਾਹੀਂ ਰਵਾਨਾ ਹੋਏ। ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਸੀਨੀਅਰ ਪੁਲਸ ਕਪਤਾਨ ਅਮਰਜੀਤ ਸਿੰਘ ਬਾਜਵਾ ਵੀ ਮੌਜੂਦ ਸਨ। 

ਇਸ ਮੌਕੇ ਮੁੱਖ ਮੰਤਰੀ ਨੇ ਜ਼ਿਲਾ ਅਧਿਕਾਰੀਆ ਪਾਸੋਂ ਝੋਨੇ ਦੀ ਸਮੁੱਚੀ ਖਰੀਦ ਪ੍ਰਕਿਰਿਆ, ਲਿਫਟਿੰਗ ਅਤੇ ਕਿਸਾਨਾਂ ਨੂੰ ਜਿਣਸ ਦੀ ਅਦਾਇਗੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਡਿਪਟੀ ਕਮਿਸਨਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲੇ ਦੀਆਂ ਮੰਡੀਆਂ ਵਿਚ 15397 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 13378 ਮੀਟ੍ਰਿਕ ਟਨ ਝੋਨੇ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ 'ਚੋਂ 5232 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਵੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਜ਼ਿਲੇ ਦੀਆਂ ਮੰਡੀਆਂ ਵਿਚ 1305805 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਇਸ ਸੀਜ਼ਨ ਦੌਰਾਨ ਵੀ ਲਗਭਗ 13 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ 'ਚ ਪੁੱਜਣ ਦੀ ਆਸ ਹੈ। ਉਨ੍ਹਾਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਖ੍ਰੀਦ ਕੀਤੇ ਗਏ ਝੋਨੇ ਦਾ ਏਜੰਸੀ ਵਾਈਜ਼ ਵੇਰਵਾ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵਲੋਂ 3192 ਮੀਟ੍ਰਿਕ ਟਨ, ਮਾਰਕਫ਼ੈਡ ਵਲੋਂ 2651 ਮੀਟ੍ਰਿਕ ਟਨ, ਪਨਸਪ ਵਲੋਂ 838 ਮੀਟ੍ਰਿਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵਲੋਂ 987 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵਲੋਂ 5710 ਮੀਟ੍ਰਿਕ ਟਨ ਝੋਨਾ ਖ੍ਰੀਦਿਆ ਗਿਆ ਹੈ।


author

Gurminder Singh

Content Editor

Related News