ਇਕ ਦੇਸ਼ ਇਕ ਮੰਡੀ ਦਾ ਫੈਸਲਾ ਗਲਤ, ਪ੍ਰਧਾਨ ਮੰਤਰੀ ਨਾਲ ਕਰਾਂਗਾ ਗੱਲ : ਕੈਪਟਨ

06/07/2020 7:18:49 PM

ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਇਕ ਦੇਸ਼ ਇਕ ਮੰਡੀ ਦੇ ਫੈਸਲੇ ਨੂੰ ਗਲਤ ਦੱਸਿਆ ਹੈ। ਫੇਸਬੁੱਕ ਲਾਈਵ 'ਤੇ ਜਨਤਾ ਨਾਲ ਰੂ-ਬ-ਰੂ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦਾ ਢਿੱਡ ਭਰਨ ਦੇ ਨਾਲ-ਨਾਲ ਅਨਾਜ ਭੰਡਾਰ ਵੀ ਭਰਦੇ ਆਏ ਹਨ। ਲਿਹਾਜ਼ਾ ਕੇਂਦਰ ਵਲੋਂ ਅਜਿਹੇ ਸਮੇਂ ਵਿਚ ਲਿਆ ਗਿਆ ਇਕ ਦੇਸ਼ ਇਕ ਮੰਡੀ ਦਾ ਫੈਸਲਾ ਗਲਤ ਹੈ, ਉਨ੍ਹਾਂ ਕਿਹਾ ਕਿ ਉਹ ਐੱਮ. ਐੱਸ. ਪੀ. ਦੇ ਮੁੱਦੇ 'ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕਰਨਗੇ। ਫੇਸਬੁੱਕ 'ਤੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨਾਂ ਦੇ ਗੰਨਾ ਬਕਾਏ ਦਾ ਮਾਮਲਾ ਅਕਸਰ ਚੁੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਬਕਾਏ ਲਈ ਪੰਜਾਬ ਸਰਕਾਰ 150 ਕਰੋੜ ਦੇਵੇਗੀ ਅਤੇ 150 ਕਰੋੜ ਕਾਰਪੋਰੇਸ਼ਨ ਮਹਿਕਮਾ ਦੇਵੇਗਾ ਜਿਸ ਨਾਲ ਗੰਨਾ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ। 

ਇਸ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਲੋਕਾਂ ਦਾ ਮਿਸ਼ਨ ਹੈ, ਲਿਹਾਜ਼ਾ ਲੋਕਾਂ ਨੂੰ ਖੁਦ ਇਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਰਕਾਰ ਦਾ ਕੋਰੋਨਾ 'ਤੇ ਪੂਰਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਸੂਬੇ ਵਿਚ 2461 ਕੇਸ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 48 ਮੌਤਾਂ ਹੋ ਚੁੱਕੀਆਂ ਜਦਕਿ 2070 ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਵਲੋਂ 1 ਲੱਖ 13 ਹਜ਼ਾਰ ਨਮੂਨੇ ਜਾਂਚ ਲਈ ਲਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਵਿਚ ਹਾਲਾਤ ਵਿਗੜਦੇ ਹਨ ਤਾਂ ਉਸ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਕੋਈ ਕਸਰ ਨਹੀਂ ਛੱਡ ਰਹੀ ਹੈ। ਸਰਕਾਰ ਵਲੋਂ 6250 ਦੇ ਕਰੀਬ ਬੈੱਡਾਂ ਦਾ ਪ੍ਰਬੰਧ ਸਰਕਾਰੀ ਤੌਰ 'ਤੇ ਕੀਤਾ ਗਿਆ ਹੈ, ਜਦਕਿ ਪ੍ਰਾਈਵੇਟ ਵੱਧਰ 'ਤੇ ਜਿਹੜੇ ਪ੍ਰਬੰਧ ਕੀਤੇ ਗਏ ਹਨ ਉਹ ਵੱਖਰੇ ਹਨ। ਇਸ ਤੋਂ ਇਲਾਵਾ ਸਰਕਾਰੀ ਤੌਰ 'ਤੇ ਸੂਬੇ ਵਿਚ 52 ਅਤੇ ਪ੍ਰਾਈਵੇਟ ਤੌਰ 'ਤੇ 150 ਆਈਲੋਸੇਸ਼ਨ ਵਾਰਡ ਸਥਾਪਤ ਕੀਤੇ ਗਏ ਹਨ। ਸਰਕਾਰ ਵਲੋਂ ਸੂਬੇ 'ਚ 554 ਵੈਂਟੀਲੇਟਰ ਰੱਖੇ ਗਏ ਹਨ ਜਦਕਿ 4 ਲੱਖ 88 ਹਜ਼ਾਰ ਐੱਨ. 95 ਮਾਸਕ, 2 ਲੱਖ 28 ਹਜ਼ਾਰ ਪੀ. ਪੀ. ਕਿੱਟਾਂ ਦਾ ਸਟਾਕ, ਆਕਸੀਜ਼ਨ ਦੇ 2223 ਸਿਲੰਡਰ ਵੱਖਰੇ ਤੌਰ 'ਤੇ ਰੱਖੇ ਗਏ ਹਨ।

ਅੱਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਜਿੰਮ ਖੋਲ੍ਹੇ ਜਾਣ ਸੰਬੰਧੀ ਉਨ੍ਹਾਂ ਨੂੰ ਅਨੇਕਾਂ ਨੌਜਵਾਨਾਂ ਨੇ ਸਵਾਲ ਪੁੱਛੇ ਹਨ ਪਰ ਮੁੱਖ ਮੰਤਰੀ ਨੇ ਆਖਿਆ ਕਿ ਕੋਵਿਡ-19 ਇਕ ਵਿਸ਼ਵ ਪੱਧਰੀ ਮਹਾਮਾਰੀ ਹੈ। ਉਨ੍ਹਾਂ ਕਿਹਾ ਕਿ ਜਿੰਮ ਖੋਲ੍ਹਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ, ਲਿਹਾਜ਼ਾ ਇਸ 'ਤੇ ਆਖਰੀ ਫ਼ੈਸਲਾ ਵੀ ਕੇਂਦਰ ਸਰਕਾਰ ਲੈ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਹ ਉਨ੍ਹਾਂ ਦਾ ਅਧਿਕਾਰ ਖੇਤਰ ਵਿਚ ਆਉਂਦਾ ਤਾਂ ਉਹ ਕੋਈ ਫ਼ੈਸਲਾ ਲੈ ਲੈਂਦੇ। ਹਾਲਾਂਕਿ ਮੁੱਖ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਹਾਲਾਤ ਠੀਕ ਰਹੇ ਤਾਂ ਬਹੁਤ ਜਲਦੀ ਜਿੰਮ ਤੋਂ ਇਲਾਵਾ ਹੋਰ ਇਕਾਈਆਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ।


Gurminder Singh

Content Editor

Related News