ਪੰਜਾਬ ਸਰਕਾਰ ਦੇ ਵਫਦ ਨੂੰ ਰੋਕਣ ''ਤੇ ਕੈਪਟਨ ਨੇ ਕੱਢੀ ਪਾਕਿ ਖਿਲਾਫ ਭੜਾਸ

Thursday, Oct 31, 2019 - 02:40 PM (IST)

ਪੰਜਾਬ ਸਰਕਾਰ ਦੇ ਵਫਦ ਨੂੰ ਰੋਕਣ ''ਤੇ ਕੈਪਟਨ ਨੇ ਕੱਢੀ ਪਾਕਿ ਖਿਲਾਫ ਭੜਾਸ

ਡੇਰਾ ਬਾਬਾ ਨਾਨਕ (ਵਤਨ)  : ਪੰਜਾਬ ਸਰਕਾਰ ਦੇ ਵਫਦ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਖਿਲਾਫ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਪਾਕਿਸਤਾਨ ਸਰਕਾਰ ਨੇ ਆਪਣਾ ਛੋਟਾਪਣ ਦਿਖਾਇਆ ਹੈ। ਡੇਰਾ ਬਾਬਾ ਨਾਨਕ ਵਿਖੇ ਕੋਰੀਡੋਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਫਦ ਪਾਕਿਸਤਾਨ ਜਾਣਾ ਸੀ ਅਤੇ ਵਾਪਸੀ 'ਤੇ ਵਾਹਗਾ ਬਾਰਡਰ ਰਾਹੀਂ ਉਨ੍ਹਾਂ ਦਾ ਸਵਾਗਤ ਕਰਨਾ ਸੀ ਪਰ ਪਾਕਿਸਤਾਨ ਨੇ ਇਸ ਦੀ ਮਨਜ਼ੂਰੀ ਨਾ ਦੇ ਕੇ ਤੰਗਦਿਲੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਰਹੇ ਹਾਂ, ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਯੂਨੀਵਰਸਿਟੀ ਖੋਲ੍ਹ ਰਹੇ ਹਾਂ। ਜੇਕਰ ਪਾਕਿਸਤਾਨ 'ਚ ਸਮਾਗਮਾਂ ਲਈ 31 ਡੈਲਗੇਟ ਚਲੇ ਜਾਂਦੇ ਤਾਂ ਪਾਕਿਸਤਾਨ ਨੂੰ ਕੀ ਫਰਕ ਪੈਣਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਸ ਮਾਮਲੇ 'ਚ ਬੜਾ ਛੋਟਾਪਣ ਦਿਖਾਇਆ ਹੈ।

PunjabKesari

ਟੈਂਟ ਸਿਟੀ ਅਤੇ ਸਮਾਗਮਾਂ ਦਾ ਵੀ ਲਿਆ ਜਾਇਜ਼ਾ
ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਗਤਾਂ ਦੀ ਰਿਹਾਇਸ਼ ਲਈ ਬਣਾਏ ਜਾ ਰਹੇ ਟੈਂਟ ਸਿਟੀ ਅਤੇ ਡੇਰਾ ਬਾਬਾ ਨਾਨਕ ਲੋਕ ਉਤਸਵ ਵਾਲੇ ਸਮਾਗਮ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਕੌਮਾਂਤਰੀ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਣ 'ਚ ਬਹੁਤ ਥੋੜਾ ਸਮਾਂ ਰਹਿ ਗਿਆ ਹੈ। ਉਨ੍ਹਾਂ ਨੇ ਕੋਰੀਡੋਰ ਨਾਲ ਸਬੰਧਤ ਕੰਮ ਕਰਨ ਵਾਲੀਆਂ ਲੈਂਡ ਪੋਰਟ ਅਥਾਰਿਟੀ ਅਤੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਵੱਲੋਂ ਲਾਂਘੇ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਸਭ ਕੰਮ ਮੁਕੰਮਲ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 560 ਕਰੋੜ ਰੁਪਏ ਖਰਚ ਕਰ ਰਹੀ ਹੈ ਅਤੇ ਅਸੀਂ ਬੜੇ ਵੰਡਭਾਗੇ ਹਾਂ ਕਿ ਅਸੀਂ ਸਰਕਾਰ ਅਤੇ ਸੰਗਤ ਦਾ ਹਿੱਸਾ ਹੁੰਦੇ ਹੋਏ ਇਹ ਸਮਾਗਮ ਮਨਾਉਣ ਜਾ ਰਹੇ ਹਾਂ ਅਤੇ ਅਸੀਂ ਚਾਹੁੰਦੇ ਸੀ ਕਿ ਕੇਂਦਰ ਅਤੇ ਪੰਜਾਬ ਦੀ ਸਾਂਝੀ ਸਟੇਜ ਲੱਗੇ ਪਰ ਕੇਂਦਰ ਸਰਕਾਰ ਸੁਰੱਖਿਆ ਕਾਰਨਾਂ ਕਰਕੇ ਇਸ ਜਗ੍ਹਾ ਤੋਂ ਦੂਰ ਆਪਣੀ ਸਟੇਜ ਬਣਾ ਰਹੇ ਹਨ।

PunjabKesari

ਉਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਸੱਦੇ ਦੇ ਸਵਾਲ 'ਤੇ ਜਵਾਬ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਸਬੰਧੀ ਨਵਜੋਤ ਸਿੰਘ ਸਿੱਧੂ ਤੋਂ ਹੀ ਪੁੱਛੋ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਖ ਦੁਆਰ 'ਤੇ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਫਤਿਹਜੰਗ ਸਿੰਘ ਬਾਜਵਾ, ਉਦੇਵੀਰ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਵਿਪੁਲਾ ਉਜਵਲ ਆਦਿ ਮੌਜੂਦ ਹਨ।


author

Anuradha

Content Editor

Related News