ਕੈਪਟਨ ਸੋਨੀਆ ਅਤੇ ਕਾਂਗਰਸ ਦੇ ਕੇਂਦਰੀ ਆਗੂਆਂ ਨੂੰ ਮਿਲੇ

Friday, Sep 13, 2019 - 01:38 PM (IST)

ਕੈਪਟਨ ਸੋਨੀਆ ਅਤੇ ਕਾਂਗਰਸ ਦੇ ਕੇਂਦਰੀ ਆਗੂਆਂ ਨੂੰ ਮਿਲੇ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਨਾਲ ਵੀ ਗ਼ੈਰ-ਰਸਮੀ ਗੱਲਾਂਬਾਤਾਂ ਕੀਤੀਆਂ। ਕੈਪਟਨ ਦਿੱਲੀ 'ਚ ਹੋਈ ਸਰਵ ਭਾਰਤ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੀ ਮੀਟਿੰਗ 'ਚ ਹਿੱਸਾ ਲੈਣ ਲਈ ਗਏ ਹੋਏ ਸਨ। ਇਸ 'ਚ ਕਾਂਗਰਸ ਦੀ ਹਕੂਮਤ ਵਾਲੇ ਰਾਜਾਂ ਦੇ ਸਾਰਿਆਂ ਮੁੱਖ ਮੰਤਰੀਆਂ ਨੂੰ ਸੱਦਿਆ ਗਿਆ ਸੀ। ਸੋਨੀਆ ਗਾਂਧੀ ਵੱਲੋਂ ਸੱਦੀ ਗਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨਾਲ ਵੱਖਰੇ ਤੌਰ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੀ ਰਾਜਸੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਅਤੇ ਕੇਂਦਰੀ ਆਗੂਆਂ ਨੂੰ ਦੱਸਿਆ ਕਿ ਸੂਬੇ 'ਚ ਪਾਰਟੀ ਆਪਣੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਨ ਲਈ ਅਸਰਦਾਰ ਕਦਮ ਚੁੱਕ ਰਹੀ ਹੈ, ਜਿਸ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ, ਘਰ-ਘਰ ਰੋਜ਼ਗਾਰ ਸਕੀਮ ਨੂੰ ਚਲਾਉਣਾ ਅਤੇ ਹੋਰ ਕਦਮ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਇਸ ਵਰ੍ਹੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਮਾਗਮਾਂ 'ਚ ਉਨ੍ਹਾਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਕਿ ਉਹ ਸਰਕਾਰੀ ਸਮਾਗਮ 'ਚ ਸ਼ਾਮਲ ਹੋਣ।

ਸੋਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਉਨ੍ਹਾਂ ਨਾਲ ਇਹ ਪਹਿਲੀ ਆਹਮੋ-ਸਾਹਮਣੇ ਹੋਈ ਗੱਲਬਾਤ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਕਮਾਨ ਸੰਭਾਲਣ 'ਤੇ ਕੈਪਟਨ ਅਮਰਿੰਦਰ ਿਸੰਘ ਨੇ ਸੋਨੀਆ ਗਾਂਧੀ ਨੂੰ ਸ਼ੁਭ ਇੱਛਾਵਾਂ ਭੇਜੀਆਂ ਸਨ। ਦੱਸਿਆ ਜਾਂਦਾ ਹੈ ਕਿ ਏ.ਆਈ.ਸੀ.ਸੀ. ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਿਯੰਕਾ ਗਾਂਧੀ ਨਾਲ ਵੀ ਕੁਝ ਮਿੰਟਾਂ ਲਈ ਗ਼ੈਰ-ਰਸਮੀ ਗੱਲਬਾਤ ਹੋਈ।


author

Anuradha

Content Editor

Related News