ਪੰਜਾਬ ਇਕ ਸਰਹੱਦੀ ਸੂਬਾ, ਅੱਤਵਾਦ ਵਿਰੁੱਧ ਸਖਤੀ ਵਰਤਣ ਦੀ ਲੋੜ : ਕੈਪਟਨ

Thursday, May 02, 2019 - 10:07 AM (IST)

ਪੰਜਾਬ ਇਕ ਸਰਹੱਦੀ ਸੂਬਾ, ਅੱਤਵਾਦ ਵਿਰੁੱਧ ਸਖਤੀ ਵਰਤਣ ਦੀ ਲੋੜ : ਕੈਪਟਨ

ਜਲੰਧਰ/ਚੰਡੀਗੜ੍ਹ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿੱਥੇ ਅੱਤਵਾਦੀ ਸਰਗਰਮੀਆਂ ਅਤੇ ਪਾਕਿਸਤਾਨ ਦੀਆਂ ਹਰਕਤਾਂ ਨਾਲ ਸਖਤੀ ਨਾਲ ਪੇਸ਼ ਆਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਰਹੱਦ ਕਿਉਂਕਿ ਪਾਕਿਸਤਾਨ ਨਾਲ ਲੱਗਦੀ ਹੈ, ਇਸ ਲਈ ਸੂਬੇ 'ਚ ਹਰ ਸਮੇਂ ਚੌਕਸੀ ਵਰਤਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਕੁਝ ਸਮੇਂ ਦੌਰਾਨ 107 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਅੱਤਵਾਦੀਆਂ ਦੇ 28 ਗਿਰੋਹਾਂ ਦਾ ਭਾਂਡਾ ਭੰਨਿਆ ਗਿਆ ਹੈ। ਕਾਂਗਰਸ ਪਾਰਟੀ ਦਾ ਸਟੈਂਡ ਹਮੇਸ਼ਾ ਹੀ ਅੱਤਵਾਦ ਵਿਰੁੱਧ ਰਿਹਾ ਹੈ। ਕਾਂਗਰਸ ਨੇ ਕਦੇ ਵੀ ਦੇਸ਼ ਵਿਰੋਧੀ ਤਾਕਤਾਂ ਅੱਗੇ ਨਰਮੀ ਨਹੀਂ ਵਰਤੀ ਕਾਂਗਰਸ ਤਾਂ ਖੁਦ ਅੱਤਵਾਦ ਦਾ ਸੇਕ ਝੱਲ ਚੁੱਕੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਪਾਕਿਸਤਾਨ 'ਚ ਚੱਲਦੀਆਂ ਰਹਿੰਦੀਆਂ ਹਨ। ਸਰਹੱਦ ਪਾਰ ਤੋਂ ਨਸ਼ੀਲੀਆਂ ਵਸਤਾਂ ਭੇਜਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ 'ਚ ਕਿਸੇ ਕੀਮਤ 'ਤੇ ਅੱਤਵਾਦ ਨੂੰ ਮੇਰੀ ਸਰਕਾਰ ਸਿਰ ਚੁੱਕਣ ਨਹੀਂ ਦੇਵੇਗੀ। ਕੈਪਟਨ ਨੇ ਕਿਹਾ ਕਿ ਸਿਆਸਤ 'ਚ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਭਾਜਪਾ ਕੋਲ ਇਕ ਸਮੇਂ ਲੋਕ ਸਭਾ ਦੀਆਂ ਸਿਰਫ 2 ਸੀਟਾਂ ਹੁੰਦੀਆਂ ਸਨ ਪਰ ਪਿਛਲੀਆਂ ਚੋਣਾਂ 'ਚ ਇਹ ਗਿਣਤੀ ਵੱਧ ਕੇ 280 ਹੋ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਜੁੜੇ ਮਸਲੇ ਅਸਰਦਾਰ ਢੰਗ ਨਾਲ ਹੱਲ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਰਾਹੁਲ ਦੀ ਅਗਵਾਈ 'ਚ ਰਾਹੁਲ ਕੇਂਦਰ 'ਚ ਸਰਕਾਰ ਬਣਾਏਗੀ। ਪ੍ਰਿਯੰਕਾ ਵੱਲੋਂ ਵਾਰਾਨਸੀ ਤੋਂ ਚੋਣ ਨਾ ਲੜਨ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਿਯੰਕਾ 'ਤੇ ਯੂ. ਪੀ. ਦੀਆਂ 40 ਸੀਟਾਂ ਦੀ ਜ਼ਿੰਮੇਵਾਰੀ ਹੈ। ਪ੍ਰਿਯੰਕਾ ਇਕੋ ਵੇਲੇ ਦੋਵੇਂ ਕੰਮ ਨਹੀਂ ਕਰ ਸਕਦੀ। ਪ੍ਰਿਯੰਕਾ ਦੀ ਸਿਆਸਤ 'ਚ ਹੁਣ ਅਜਿਹੀ ਹੀ ਐਂਟਰੀ ਹੋਈ ਹੈ ਅਤੇ ਉਹ ਆਪਣਾ ਕੰਮ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੀ ਹੈ। ਪ੍ਰਿਯੰਕਾ ਕੋਲ ਅਜੇ ਬਹੁਤ ਸਮਾਂ ਹੈ। ਉਹ ਆਉਣ ਵਾਲੇ ਸਮੇਂ 'ਚ ਚੋਣ ਲੜ ਸਕੇਗੀ।


author

shivani attri

Content Editor

Related News