ਕੈਪਟਨ ਦੀ ਚਿਤਾਵਨੀ ਤੋਂ ਡਰੇ ਮੰਤਰੀ ਤੇ ਵਿਧਾਇਕ ਆਪਸੀ ਧੜੇਬਾਜ਼ੀ ਛੱਡ ਦੇਣ ਲੱਗੇ ਏਕਤਾ ਦੇ ਸਬੂਤ

04/25/2019 5:28:07 PM

ਰੂਪਨਗਰ (ਸੱਜਣ ਸੈਣੀ)— ਲੋਕ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਤੋਂ ਬਾਅਦ ਪਾਰਟੀ 'ਚ ਚੱਲ ਰਹੀ ਧੜੇਬਾਜ਼ੀ ਅਤੇ ਨਾਰਾਜ਼ ਚੱਲ ਰਹੇ ਕਾਂਗਰਸੀਆਂ ਵੱਲੋਂ ਚੋਣ ਸਰਗਰਮੀਆਂ 'ਚ ਹਿੱਸਾ ਨਾ ਲਏ ਜਾਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਦੀ ਦਿੱਤੀ ਚਿਤਾਵਨੀ ਦੇ ਬਾਅਦ ਹੁਣ ਕਾਂਗਰਸੀ ਮੰਤਰੀ ਅਤੇ ਹਲਕਾ ਵਿਧਾਇਕੀ ਦੇ ਦਾਅਵੇਦਾਰ ਆਪਣੇ ਅਹੁਦੇ ਬਚਾਉਣ ਲਈ ਪ੍ਰੈਸ ਕਾਨਫਰੰਸਾਂ ਕਰਕੇ ਆਪਣੇ ਇਲਾਕੇ 'ਚ ਧੜੇਬੰਦੀ ਖਤਮ ਕਰ ਇਕ ਹੋਣ ਦੇ ਦਾਅਵੇ ਕਰ ਰਹੇ ਹਨ। ਇਸੇ ਨੂੰ ਲੈ ਕੇ ਰੂਪਨਗਰ 'ਚ ਕਈ ਧੜਿਆ 'ਚ ਵੰਡੇ ਕਾਂਗਰਸੀ ਲੀਡਰ ਅਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਬਰਿੰਦਰ ਢਿੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਦੀ ਛੱਤਰ ਛਾਇਆ ਹੇਠ ਕਾਂਗਰਸ ਭਵਨ 'ਚ ਪ੍ਰੈਸ ਕਾਨਫਰੰਸ ਲਈ ਇਕੱਠੇ ਹੋਏ ਪਰ ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਕਾਂਗਰਸ ਦੀ ਧੜੇਬੰਦੀ ਖਤਮ ਕਰ ਏਕਤਾ ਦਿਖਾਉਣ ਲਈ ਰੱਖੀ ਇਸ ਪ੍ਰੈਸ ਕਾਨਫਰੰਸ 'ਚ ਓ. ਬੀ. ਸੀ. ਦੇ ਪੰਜਾਬ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਸਮੇਤ ਹੋਰ ਕਈ ਟਕਸਾਲੀ ਕਾਂਗਰਸੀ ਇਸ ਪ੍ਰੈਸ ਕਾਨਫਰੰਸ 'ਚ ਸ਼ਾਮਲ ਨਹੀਂ ਹੋਏ।

PunjabKesari
ਕਈ ਸਾਲਾਂ ਬਾਅਦ ਇਕ ਮੰਚ 'ਤੇ ਇਕੱਠੇ ਹੋਏ ਕਾਂਗਰਸੀਆਂ ਦੀ ਅਗਵਾਹੀ ਕਰ ਰਹੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਨੇ ਕਿਹਾ ਕਿ ਸਾਡੇ ਆਪਸ 'ਚ ਮਤਭੇਦ ਹੋ ਸਕਦੇ ਨੇ ਪਰ ਜਦੋਂ ਸਾਡੀ ਪਾਰਟੀ ਦੀ ਵਿਰੋਧੀ ਪਾਰਟੀਆਂ ਨਾਲ ਸਿਆਸੀ ਲੜਾਈ ਹੈ, ਉਸ 'ਚ ਅਸੀਂ ਸਾਰੇ ਇਕੱਠੇ ਹਾਂ। ਜਦੋਂ ਸਪੀਕਰ ਰਾਣਾ ਕੇ. ਪੀ. ਨੂੰ ਸਵਾਲ ਕੀਤਾ ਕਿ ਇਹ ਏਕਤਾ ਕਾਂਗਰਸੀ ਉਮੀਦਵਾਰ ਦੀ ਜਿੱਤ ਲਈ ਕੀਤੀ ਹੈ ਜਾਂ ਫਿਰ ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਆਪਣੇ ਅਹੁਦੇ ਬਚਾਉਣ ਲਈ ਕੀਤੀ ਗਈ ਹੈ ਤਾਂ ਰਾਣਾ ਕੇ. ਪੀ. ਨੇ ਪਹਿਲਾ ਤਾਂ ਕਿਹਾ ਕਿ ਦੋਵੇਂ ਕਾਰਨ ਨੇ ਅਤੇ ਬਾਅਦ 'ਚ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਪੂਰੀ ਵਾਹ ਲਗਾਵਾਂਗੇ, ਆਪਣੇ ਅਹੁਦੇ ਬਚਾਉਣ ਵਾਸਤੇ, ਜਾਨ ਲਗਾ ਦੇਵਾਂਗੇ। 
ਬੀਤੇ ਦਿਨੀਂ ਰੋਪੜ 'ਚ ਕਾਂਗਰਸ ਦੀ ਚੋਣ ਰੈਲੀ ਦੌਰਾਨ ਕਾਂਗਰਸੀ ਲੀਡਰ ਅਮਰਜੀਤ ਸਿੰਘ ਭੁੱਲਰ ਵੱਲੋਂ ਟਕਸਾਲੀ ਕਾਂਗਰਸੀਆਂ ਨੂੰ ਚਾਪਲੂਸ ਅਤੇ ਬਹਿਰੂਪੀਏ ਕਹਿਣ 'ਤੇ ਪੁੱਛੇ ਸਵਾਲ 'ਤੇ ਰਾਣਾ ਕੇ.ਪੀ. ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਛੱਡੋ ਪੁਰਾਣੀਆਂ ਗੱਲਾਂ ਜਦੋਂ ਸਾਨੂੰ ਦੁੱਖ ਨਹੀਂ ਤਾਂ ਤੁਸੀਂ ਕਿਉ ਦੁਖੀ ਹੁੰਦੇ ਹੋ। ਨਾਲ ਹੀ ਉਨ੍ਹਾਂ ਕਿਹਾ ਕਿ ਕੱਲ ਕੀ ਬਾਤੇ ਛੋਡੇ ਕਲ ਕੀ ਬਾਤ ਪੁਰਾਣੀ।
ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਮੀਡੀਆਂ 'ਚ ਧੜੇਬੰਦੀ ਦੀਆਂ ਰਿਪੋਰਟਾਂ ਨਸ਼ਰ ਹੋਈਆਂ ਨੇ ਅਜਿਹੀ ਕੋਈ ਗੱਲ ਨਹੀਂ ਹੈ ਅਸੀਂ ਸਭ ਇਕ ਹਾਂ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਬਰਿੰਦਰ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਸੀ, ਜਿਸ 'ਤੇ ਜ਼ਿਲੇ ਦੇ ਟਕਸਾਲੀ ਕਾਂਗਰਸ ਨੇ ਢਿੱਲੋਂ ਨੂੰ ਬਾਹਰੀ ਦੱਸ ਕਾਂਗਰਸ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਇਸੇ ਵਿਰੋਧ ਕਰਕੇ ਰੂਪਨਗਰ 'ਚ ਕਾਂਗਰਸੀ ਕਈ ਧੜਿਆਂ 'ਚ ਵੰਡੇ ਗਏ। ਜਿਸ 'ਚ ਇਕ ਧੜਾ ਬਰਿੰਦਰ ਸਿੰਘ ਢਿੱਲੋਂ ਦਾ ਅਤੇ ਦੂਜਾ ਧੜਾ ਟਕਸਾਲੀ ਕਾਂਗਰਸੀਆਂ ਦਾ ਹੈ। ਦੋਵੇ ਧੜਿਆਂ 'ਚੋਂ 22 ਅਪ੍ਰੈਲ ਨੂੰ ਰੂਪਨਗਰ 'ਚ ਮਨੀਸ਼ ਤਿਵਾੜੀ ਦੇ ਹੱਕ 'ਚ ਦੋ ਥਾਂ ਅਤੇ ਵੱਖ-ਵੱਖ ਚੋਣ ਰੈਲੀਆਂ ਕੀਤੀਆਂ ਗਈਆਂ ਅਤੇ ਕਾਂਗਰਸ ਦੀ ਇਸ ਧੜੇਬੰਦੀ ਨੂੰ ਮੀਡੀਆਂ ਨੇ ਖੂਬ ਨਸ਼ਰ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਮੀਡੀਆਂ 'ਚ ਦਿੱਤੇ ਬਿਆਨ, ਜਿਨ੍ਹਾਂ ਹਲਕਿਆਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਵੋਟਾਂ ਘੱਟ ਮੀਡੀਆਂ ਜਾਂ ਹਾਰ ਮਿਲੀ, ਉਨ੍ਹਾਂ ਹਲਕਿਆਂ ਦੇ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਦੇ ਅਹੁਦੇ ਖੁਸ ਸਕਦੇ ਹਨ, ਤੋਂ ਬਾਅਦ ਭਾਵੇਂ ਰੂਪਨਗਰ ਦੇ ਕਾਂਗਰਸੀ ਆਪਣੇ ਅਹੁਦੇ ਬਚਾਉਣ ਲਈ ਮੀਡੀਆਂ ਅੱਗੇ ਏਕਤਾ ਦਾ ਦਿਖਾਵਾ ਕਰ ਰਹੇ ਹਨ ਪਰ ਹਾਲੇ ਵੀ ਕਾਂਗਰਸੀਆਂ ਦੇ ਅੰਦਰੋ ਦਿਲ ਨਹੀਂ ਮਿਲੇ।


shivani attri

Content Editor

Related News