ਕੈਪਟਨ ਅਮਰਿੰਦਰ ਸਿੰਘ ਨੇ ਫਸਲੀ ਵੰਨ-ਸੁਵੰਨਤਾ ਲਈ ਵਿਸ਼ਵ ਬੈਂਕ ਤੋਂ ਮੰਗੀ ਮਦਦ

Tuesday, Oct 29, 2019 - 07:51 PM (IST)

ਚੰਡੀਗੜ੍ਹ/ਜਲੰਧਰ,(ਅਸ਼ਵਨੀ,ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ 'ਚੋਂ ਕੱਢ ਕੇ ਫਸਲੀ ਵੰਨ-ਸੁਵੰਨਤਾ ਵੱਲ ਮੋੜਨ ਲਈ ਵਿਸ਼ਵ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। ਜਿਸ ਦਾ ਮਨੋਰਥ ਕਿਸਾਨਾਂ ਦੀ ਆਮਦਨ ਵਧਾਉਣ ਦੇ ਨਾਲ-ਨਾਲ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਉਣਾ ਹੈ। ਵਿਸ਼ਵ ਬੈਂਕ ਦੇ ਖੇਤੀਬਾੜੀ ਤੇ ਪਾਣੀ ਦੇ ਆਲਮੀ ਡਾਇਰੈਕਟਰ ਡਾ. ਜਿਉਰੇਗਨ ਵੋਇਗੇਲੇ ਦੀ ਅਗਵਾਈ 'ਚ ਆਏ ਵਫ਼ਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਚਲਾਏ ਗਏ ਪ੍ਰੋਗਰਾਮਾਂ ਸਦਕਾ ਬਹੁਤੇ ਕਿਸਾਨਾਂ ਨੇ ਰਵਾਇਤੀ ਫਸਲਾਂ ਦਾ ਤਿਆਗ ਕਰਕੇ ਬਦਲਵੀਆਂ ਫਸਲਾਂ ਨੂੰ ਅਪਣਾਇਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਤਕਨੀਕੀ ਤੇ ਵਿੱਤੀ ਸਹਾਇਤਾ ਦੀ ਲੋੜ ਹੈ, ਜਿਸ ਲਈ ਵਿਸ਼ਵ ਬੈਂਕ ਢੁਕਵੀਂ ਸਹਾਇਤਾ ਮੁਹੱਈਆ ਕਰਵਾ ਸਕਦਾ ਹੈ।

ਕੈਪਟਨ ਨੇ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਫਸਲੀ ਵੰਨ-ਸੁਵੰਨਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਾਲੇ ਪ੍ਰੋਜੈਕਟਾਂ ਦਾ ਖਾਕਾ ਤਿਆਰ ਕਰਕੇ ਵਿਸ਼ਵ ਬੈਂਕ ਨੂੰ ਸੌਂਪਿਆ ਜਾਵੇ ਤਾਂ ਕਿ ਬੈਂਕ ਪਾਸੋਂ ਤਕਨੀਕੀ ਤੇ ਵਿੱਤੀ ਸਹਾਇਤਾ ਹਾਸਲ ਕੀਤੀ ਜਾ ਸਕੇ। ਕੈਪਟਨ ਨੇ ਵਫ਼ਦ ਦੇ ਮੈਂਬਰਾਂ ਨੂੰ ਆਖਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਸਿਰੇ ਚਾੜ੍ਹਣ ਲਈ ਉਹ ਆਪਣੇ ਤਜਰਬੇ ਤੇ ਖੋਜਾਂ ਨੂੰ ਸਾਂਝਾ ਕਰਨ। ਮੁੱਖ ਮੰਤਰੀ ਨੇ ਖੇਤੀ ਸਬਸਿਡੀਆਂ ਨੂੰ ਉਤਪਾਦਨ ਤੋਂ ਅਲਹਿਦਾ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਖੇਤੀ ਵੰਨ-ਸੁਵੰਨਤਾ ਲਈ ਕਿਸਾਨਾਂ ਨੂੰ ਪ੍ਰਭਾਵੀ ਮੰਡੀਕਰਨ ਦਾ ਢਾਂਚਾ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਮੀਟਿੰਗ 'ਚ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ. ਐੱਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸਵਜੀਤ ਖੰਨਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪੀ. ਏ. ਯੂ. ਦੇ ਉਪ ਕੁਲਪਤੀ ਬਲਦੇਵ ਸਿੰਘ ਢਿੱਲੋਂ ਅਤੇ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਸ਼ਾਮਲ ਸਨ। ਵਫ਼ਦ ਦੇ ਦੂਜੇ ਮੈਂਬਰਾਂ 'ਚ ਪ੍ਰੋਗਰਾਮ ਲੀਡਰ ਅਤੇ ਪੰਜਾਬ ਦੇ ਕੋਆਰਡੀਨੇਟਰ ਭਾਵਨਾ ਭਾਟੀਆ, ਟਿਕਾਊ ਵਿਕਾਸ ਪ੍ਰੋਗਰਾਮ ਦੇ ਮੁਖੀ ਸੁਮਿਲਾ ਗੁਲਆਣੀ ਅਤੇ ਸੀਨੀਅਰ ਖੇਤੀ ਮਾਹਿਰ ਮਨੀਵਾਨਨ ਪਾਥੀ ਸ਼ਾਮਲ ਸਨ।


Related News