ਕੈਪਟਨ ਦੇ ਬਿਆਨ ਤੋਂ ਬਾਅਦ ਹੁਣ ਬਾਜਵਾ ਤੇ ਰੰਧਾਵਾ ਦਾ ਧਮਾਕਾ, ਦੋ ਟੁੱਕ ’ਚ ਦਿੱਤਾ ਠੋਕਵਾਂ ਜਵਾਬ

Wednesday, Sep 08, 2021 - 06:27 PM (IST)

ਕੈਪਟਨ ਦੇ ਬਿਆਨ ਤੋਂ ਬਾਅਦ ਹੁਣ ਬਾਜਵਾ ਤੇ ਰੰਧਾਵਾ ਦਾ ਧਮਾਕਾ, ਦੋ ਟੁੱਕ ’ਚ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ  (ਅਸ਼ਵਨੀ) : ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਮਾਮਲੇ ’ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨ ਨਾਲ ਸਿਆਸਤ ਭਖ ਗਈ ਹੈ। ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਟਾਲਾ ਮਾਮਲੇ ’ਤੇ ਇਕ ਵਾਰ ਫਿਰ ਮੁੱਖ ਮੰਤਰੀ ਦੇ ਨਾਮ ਪੱਤਰ ਲਿਖ ਕੇ ਜਵਾਬੀ ਹਮਲਾ ਕੀਤਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਸਰੋਕਾਰ ਸਿਰਫ਼ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਨਾਲ ਹੈ ਨਾ ਕਿ ਇਸ ਦਾ ਸਿਹਰਾ ਲੈਣ ਨਾਲ। ਮੁੱਖ ਮੰਤਰੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨ ਅਤੇ ਇਸ ਦਾ ਸਿਹਰਾ ਜਿਸ ਨੂੰ ਵੀ ਦੇਣਾ ਚਾਹੁੰਦੇ ਹਨ, ਉਸ ਨੂੰ ਖੁਸ਼ੀ ਨਾਲ ਦੇਣ।

ਇਹ ਵੀ ਪੜ੍ਹੋ : ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਵੀ ਭੇਜੀ ਗਈ ਚਿੱਠੀ ਸਬੰਧੀ ਜਾਣਕਾਰੀ ਮਿਲੀ ਹੈ ਪਰ ਇਹ ਥੋੜਾ ਹੈਰਾਨ ਕਰਨ ਵਾਲੀ ਗੱਲ ਹੈ। ਅਜਿਹਾ ਇਸ ਲਈ ਕਿ ਚਿੱਠੀ ਲਿਖਣ ਦੀ ਜ਼ਰੂਰਤ ਤਾਂ ਉਨ੍ਹਾਂ ਨੂੰ ਪੈਂਦੀ ਹੈ, ਜਿਸ ਦੀ ਮੁੱਖ ਮੰਤਰੀ ਤੱਕ ਸਿੱਧੀ ਪਹੁੰਚ ਨਾ ਹੋਵੇ। ਇਸ ਲਈ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਚਿੱਠੀਆਂ ਰਾਹੀਂ ਗੱਲ ਕਰਦੇ ਰਹੇ ਅਤੇ ਇਹ ਚਿੱਠੀਆਂ ਕਾਂਗਰਸ ਪਾਰਟੀ ਸਮੇਤ ਸਰਕਾਰ ਅਤੇ ਮੁੱਖ ਮੰਤਰੀ ਲਈ ਨਿੱਜੀ ਤੌਰ ’ਤੇ ਵੀ ਬਦਨਾਮੀ ਦਾ ਸਬੱਬ ਬਣਦੀਆਂ ਰਹੀਆਂ ਹਨ। ਬਾਜਵਾ ਮੁੱਖ ਮੰਤਰੀ ਨੂੰ ਚਿੱਠੀ ਬਾਅਦ ਵਿਚ ਭੇਜਦੇ ਸਨ, ਜਨਤਕ ਪਹਿਲਾਂ ਕਰ ਦਿੰਦੇ ਸਨ। ਹਾਲਾਂਕਿ ਹੁਣ ਪ੍ਰਤਾਪ ਸਿੰਘ ਬਾਜਵਾ ਬਦਲੇ ਮਾਹੌਲ ਵਿਚ ਮੁੱਖ ਮੰਤਰੀ ਨੂੰ ਅਕਸਰ ਮਿਲਦੇ ਰਹਿੰਦੇ ਹਨ। ਇਸ ਲਈ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ ਚਿੱਠੀ ਲਿਖਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਸੀ ।

ਇਹ ਵੀ ਪੜ੍ਹੋ : ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ

ਚਿੱਠੀ ਇਸ ਲਈ ਲਿਖੀ ਕਿਉਂਕਿ ਮੁੱਖ ਮੰਤਰੀ ਮਿਲਦੇ ਨਹੀਂ
ਪਹਿਲੀ ਚਿੱਠੀ ਲਿਖਣ ਨੂੰ ਸਹੀ ਕਰਾਰ ਦਿੰਦਿਆਂ ਦੋਵਾਂ ਮੰਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਚਿੱਠੀ ਲਿਖਣ ਦਾ ਸਾਧਨ ਇਸ ਲਈ ਅਪਨਾਉਣਾ ਪਿਆ ਕਿਉਂਕਿ ਮੁੱਖ ਮੰਤਰੀ ਨੇ ਪਿਛਲੇ ਲੰਬੇ ਸਮੇਂ ਤੋਂ ਜਨਤਕ ਮੇਲ-ਮਿਲਾਪ ਬੰਦ ਕੀਤਾ ਹੋਇਆ ਹੈ। ਮੰਤਰੀ ਮੰਡਲ ਦੀ ਬੈਠਕ ਵੀਡੀਓ ਕਾਨਫਰੰਸ ਰਾਹੀਂ ਹੁੰਦੀ ਹੈ, ਇਸ ਲਈ ਚਿੱਠੀ ਲਿਖਣ ਤੋਂ ਸਿਵਾਏ ਕੋਈ ਬਦਲ ਬਾਕੀ ਨਹੀਂ ਬਚਿਆ ਸੀ। ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸ਼ਾਇਦ ਇਹ ਵੀ ਯਾਦ ਨਹੀਂ ਹੋਵੇਗਾ ਕਿ ਮੰਤਰੀ ਮੰਡਲ ਦੀ ਜਿਸ ਬੈਠਕ ਵਿਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ, ਉਸੇ ਬੈਠਕ ਵਿਚ ਬਾਜਵਾ, ਰੰਧਾਵਾ ਅਤੇ ਸੁਨੀਲ ਜਾਖੜ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ।

ਇਹ ਵੀ ਪੜ੍ਹੋ : ਸ਼ਿਮਲਾ ’ਚ ਦੋਸਤ ਦਾ ਪੇਪਰ ਪਵਾ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਬਟਾਲਾ ਨੂੰ ਵੱਖ ਕਰਨ ਨਾਲ ਖ਼ਤਮ ਹੋ ਜਾਵੇਗਾ ਗੁਰਦਾਸਪੁਰ ਦਾ ਇਤਿਹਾਸਕ ਵਜੂਦ : ਰਮਨ ਬਹਿਲ
ਬਟਾਲਾ ਨੂੰ ਲੈ ਕੇ ਐੱਸ.ਐੱਸ.ਐੱਸ. ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਬਿਆਨ ਜਾਰੀ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਕ ਮੰਗ ਪੱਤਰ ਵੀ ਸੌਂਪਿਆ ਹੈ। ਬਹਿਲ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਹਿਲਾਂ ਹੀ ਕਈ ਵਾਰ ਟੁਕੜੇ ਹੋ ਚੁੱਕੇ ਹਨ ਅਤੇ ਹੁਣ ਬਟਾਲਾ ਦੀ ਸ਼ਕਲ ਵਿਚ ਨਵਾਂ ਟੁਕੜਾ ਕੀਤੇ ਜਾਣ ਨਾਲ ਗੁਰਦਾਸਪੁਰ ਦਾ ਇਤਿਹਾਸਕ ਵਜੂਦ ਖ਼ਤਮ ਹੋ ਜਾਵੇਗਾ। ਬਹਿਲ ਨੇ ਕਿਹਾ ਕਿ ਕਿਸੇ ਸਮੇਂ ਡਲਹੌਜੀ ਵਰਗਾ ਖੂਬਸੂਰਤ ਸ਼ਹਿਰ ਵੀ ਗੁਰਦਾਸਪੁਰ ਦਾ ਹਿੱਸਾ ਸੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਜ਼ਿਲ੍ਹੇ ਨੂੰ ਤੋੜ ਕੇ ਪਠਾਨਕੋਟ ਜ਼ਿਲ੍ਹਾ ਬਣਾ ਦਿੱਤਾ। ਹੁਣ ਦੁਬਾਰਾ ਗੁਰਦਾਸਪੁਰ ਨੂੰ ਤੋੜ ਕੇ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਬਹਿਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਵੇਖਿਆ ਜਾਵੇ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਟੁਕੜੇ ਨਾ ਕੀਤੇ ਜਾਣ।

ਇਹ ਵੀ ਪੜ੍ਹੋ : ਫੇਸਬੁੱਕ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ.ਐੱਕਸ. ਐੱਕਸ. ਦਾ ਨਿਹੰਗ ਸਿੰਘਾਂ ਨੇ ਲਾਈਵ ਹੋ ਕੇ ਚਾੜਿਆ ਕੁਟਾਪਾ

ਨੋਟ - ਕੀ ਬਟਾਲਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਨਾਲ ਤੁਸੀਂ ਸਹਿਮਤ ਹੋ?


author

Gurminder Singh

Content Editor

Related News