ਕੈਪਟਨ ਸਾਹਿਬ ਹੁਣ ਹੀ ਫਾਰਮ ਹਾਊਸ ’ਚੋਂ ਬਾਹਰ ਆ ਜਾਓ : ਸੁਖਬੀਰ ਬਾਦਲ
Sunday, May 23, 2021 - 06:11 PM (IST)
ਅੰਮ੍ਰਿਤਸਰ (ਛੀਨਾ) : ਪੰਜਾਬ ’ਚ ਕੋਰੋਨਾ ਮਹਾਮਾਰੀ ਦੇ ਨਾਲ ਬਲੈਕ ਫੰਗਸ ਇਨਫੈਕਸ਼ਨ ਦੇ ਵੀ ਵੱਡੀ ਗਿਣਤੀ ’ਚ ਕੇਸ ਵਧਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੇਰੀ ਅਪੀਲ ਹੈ ਕਿ ‘ਕੈਪਟਨ ਸਾਹਿਬ ਹੁਣ ਹੀ ਫਾਰਮ ਹਾਊਸ ’ਚੋਂ ਇਕਾਂਤਵਾਸ ਤਿਆਗ ਕੇ ਬਾਹਰ ਆ ਜਾਓ’ ਤੇ ਲੋਕਾਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰੋ, ਨਹੀ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇਂ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸਾਥੀਆਂ ਕੋਲੋਂ ਗੁਰੂ ਨਗਰੀ ਦੇ ਹਾਲਾਤ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਪਹਿਲਾ ਅਜਿਹਾ ਮੁੱਖ ਮੰਤਰੀ ਹੋਵੇਗਾ ਜਿਸ ਨੇ ਔਖੇ ਵੇਲੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਨੂੰ ਆਪਣੇ ਹਾਲਾਤ ’ਤੇ ਛੱਡ ਦਿਤਾ ਹੈ।
ਇਹ ਵੀ ਪੜ੍ਹੋ : ਸਾਥੀਆਂ ਨੇ ਬੇਰਹਿਮੀ ਨਾਲ ਕਤਲ ਕੀਤਾ ਗੈਂਗਸਟਰ ਸੁੱਖਾ ਲੰਮੇ, ਮੂੰਹ ਸਾੜਿਆ, ਧੋਣ ਵੱਢ ਕੇ ਧੜ ਨਹਿਰ ’ਚ ਰੋੜ੍ਹਿਆ
ਸੁਖਬੀਰ ਬਾਦਲ ਨੇ ਕੋਰੋਨਾ ਕਾਲ ਦੌਰਾਨ ਹਲਕਾ ਦੱਖਣੀ ਦੇ ਲੋਕਾਂ ਦੀ ਮੱਦਦ ਲਈ ਤਲਬੀਰ ਸਿੰਘ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਨਿਭਾਏ ਗਏ ਅਹਿਮ ਰੋਲ ਨੂੰ ਸਲਹਾਉਦਿਆਂ ਆਖਿਆ ਕਿ ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਸ ਔਖੀ ਘੜੀ ’ਚ ਲੋਕਾਂ ਦੀ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ ਕਿਉਂਕਿ ਕਾਂਗਰਸ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਫੇਲ ਹੋ ਗਈ ਹੈ। ਇਸ ਸਮੇਂ ਜਥੇ. ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਜਥੇ. ਰਵੇਲ ਸਿੰਘ ਭੁੱਲਰ, ਕ੍ਰਿਸ਼ਨ ਗੋਪਾਲ ਚਾਚੂ, ਜਥੇ. ਪੂਰਨ ਸਿੰਘ ਮੱਤੇਵਾਲ, ਰਵੀਸ਼ੇਰ ਸਿੰਘ ਬੂਹ, ਬਲਜਿੰਦਰ ਸਿੰਘ ਛੀਨਾ ਤੇ ਹੋਰ ਵੀ ਆਗੂ ਹਾਜ਼ਰ ਸਨ।