ਮੁੱਖ ਮੰਤਰੀ ਨੇ ਇਕ ਵਾਰ ਫਿਰ ਸਿੱਖਾਂ ਦੀ ਬਜਾਏ ਗਾਂਧੀ ਪਰਿਵਾਰ ਨੂੰ ਦਿੱਤੀ ਪਹਿਲ : ਸੁਖਬੀਰ

Thursday, Jan 23, 2020 - 01:35 AM (IST)

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਜੁਆਬ ਦੇਣ ਤੋਂ ਇਨਕਾਰ ਕਰ ਕੇ ਕਿ ਉਹ ਸੀ. ਏ. ਏ. ਤਹਿਤ ਸਿੱਖਾਂ ਨੂੰ ਮਿਲੀ ਸੁਰੱਖਿਆ ਦੀ ਹਮਾਇਤ ਕਰਦਾ ਹੈ, ਇਕ ਵਾਰ ਫਿਰ ਸਿੱਖਾਂ ਦੀ ਬਜਾਏ ਗਾਂਧੀ ਪਰਿਵਾਰ ਦੀ ਚੋਣ ਕਰਨ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਤਿਹਾਸ ਦੀ ਜਾਣਕਾਰੀ ਹਿਟਲਰ ਦੀ ਸਵੈ-ਜੀਵਨੀ 'ਚੋਂ ਲੈਣ ਦੀ ਬਜਾਏ ਸਿੱਖਾਂ ਵਲੋਂ ਲਿਖੀਆਂ ਉਨ੍ਹਾਂ ਦਰਜਨਾਂ ਕਿਤਾਬਾਂ 'ਚੋਂ ਕਿਉਂ ਨਹੀਂ ਲਈ, ਜਿਨ੍ਹਾਂ 'ਚ ਸਰਕਾਰੀ ਸਰਪ੍ਰਸਤੀ ਹੇਠ ਕਾਂਗਰਸ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕਰਵਾਏ ਹਮਲੇ ਅਤੇ 1984 'ਚ ਦਿੱਲੀ ਅੰਦਰ ਸਿੱਖਾਂ ਦੀ ਕਰਵਾਈ ਨਸਲਕੁਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਹੈ। 

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹ ਜਲਦੀ ਹੀ ਨਾਮੀ ਸਿੱਖ ਵਿਦਵਾਨਾਂ ਵਲੋਂ ਲਿਖੀਆਂ ਕਿਤਾਬਾਂ ਦਾ ਬੋਰਾ ਮੁੱਖ ਮੰਤਰੀ ਨੂੰ ਭੇਜਣਗੇ, ਜਿਨ੍ਹਾਂ 'ਚ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਅਤੇ ਦਿੱਲੀ ਸਮੇਤ ਦੇਸ਼ ਦੇ ਬਾਕੀ ਹਿੱਸਿਆਂ 'ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਘੜੀ ਸਾਜ਼ਿਸ਼ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਇਹ ਕਿਤਾਬਾਂ ਤੁਹਾਡੀ ਯਾਦ ਨੂੰ ਤਾਜ਼ਾ ਕਰ ਦੇਣਗੀਆਂ ਅਤੇ ਤੁਹਾਡੀ ਚੋਣਵੀਆਂ ਘਟਨਾਵਾਂ ਨੂੰ ਭੁੱਲਣ ਦੀ ਬੀਮਾਰੀ ਨੂੰ ਦੂਰ ਕਰ ਦੇਣਗੀਆਂ। ਤੁਸੀਂ ਦੁਬਾਰਾ ਕਿਸੇ ਨੂੰ ਅਜਿਹੇ ਬੇਲੋੜੇ ਮਸ਼ਵਰੇ ਨਹੀਂ ਦਿਓਗੇ। ਕਿਤਾਬਾਂ ਦਾ ਇਹ ਤੋਹਫਾ ਤੁਹਾਡਾ ਮਨ ਵੀ ਬਦਲ ਸਕਦਾ ਹੈ ਅਤੇ ਤੁਹਾਨੂੰ ਗਾਂਧੀ ਪਰਿਵਾਰ ਦੀ ਖੁਸ਼ਾਮਦ ਛੱਡ ਕੇ ਆਪਣੇ ਭਾਈਚਾਰੇ ਦੀਆਂ ਤਕਲੀਫਾਂ ਬਾਰੇ ਵਧੇਰੇ ਸੰਵੇਦਨਸ਼ੀਲ ਬਣਾ ਸਕਦਾ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇਕਰ ਇਸ ਨਾਲ ਫਾਇਦਾ ਨਹੀਂ ਹੋਇਆ ਤਾਂ ਉਹ ਮੁੱਖ ਮੰਤਰੀ ਨੂੰ ਸਕੂਲਾਂ 'ਚ ਪੜ੍ਹਾਈ ਜਾਂਦੀ 'ਅੰਧੇਰ ਨਗਰੀ ਚੌਪਟ ਰਾਜਾ' ਦੀ ਕਹਾਣੀ ਪੜ੍ਹਨ ਦੀ ਸਲਾਹ ਦੇਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜਾਣੀ-ਪਛਾਣੀ ਲੱਗੇਗੀ, ਕਿਉਂਕਿ ਤੁਹਾਡੀ ਅਗਵਾਈ 'ਚ ਪੰਜਾਬ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ। ਗੈਂਗਸਟਰਾਂ ਅਤੇ ਮਾਫੀਆ ਵਲੋਂ ਜੇਲਾਂ ਅੰਦਰ ਬੈਠ ਕੇ ਫਿਰੌਤੀ ਰੈਕੇਟ ਚਲਾਏ ਜਾ ਰਹੇ ਹਨ, ਕਿਸਾਨ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਸਰਕਾਰੀ ਕਰਮਚਾਰੀਆਂ ਨੂੰ ਬਕਾਏ ਲੈਣ ਲਈ ਅੰਦੋਲਨ ਕਰਨੇ ਪੈ ਰਹੇ ਹਨ।

 


Related News