ਕੈਪਟਨ ਵੱਲੋਂ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਨੂੰ ਕੌਮੀ ਪੱਧਰ ''ਤੇ ਦੂਜੀ ਸਰਵੋਤਮ ਸੰਸਥਾ ਚੁਣਨ ''ਤੇ ਵਧਾਈ

Friday, Oct 16, 2020 - 06:00 PM (IST)

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਨੂੰ ਦੇਸ਼ ਦੀ ਦੂਜੀ ਸਰਵੋਤਮ ਸੰਸਥਾ ਵਜੋਂ ਚੁਣੇ ਜਾਣ ਅਤੇ ਸਮੁੱਚੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਉੱਤਰੀ ਭਾਰਤ ਵਿਚ ਚੋਟੀ ਦਾ ਸਥਾਨ ਹਾਸਲ ਕਰਨ 'ਤੇ ਵਧਾਈ ਦਿੱਤੀ ਹੈ। ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਆਂ ਨੂੰ ਆਪਣੇ ਵਧਾਈ ਸੰਦੇਸ਼ ਵਿਚ ਮੁੱਖ ਮੰਤਰੀ, ਜੋ ਸੁਸਾਇਟੀ ਦੇ ਪ੍ਰਧਾਨ ਹਨ, ਨੇ ਕਿਹਾ ਕਿ ਰਾਜਪਾਲ ਦੀ ਪ੍ਰਧਾਨਗੀ ਹੇਠ ਸਟੇਟ ਰੈੱਡ ਕਰਾਸ ਸੁਸਾਇਟੀ ਖੂਨਦਾਨ ਕੈਂਪ ਅਤੇ ਸਿਹਤ ਜਾਂਚ ਕੈਂਪ ਲਗਾ ਕੇ ਅਤੇ ਕੋਵਿਡ -19 ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਸਿਹਤ ਸਬੰਧੀ ਪ੍ਰੋਟੋਕੋਲਾਂ ਦੀ ਪਾਲਣਾ ਲਈ ਜਾਗਰੂਕ ਕਰਕੇ ਮਨੁੱਖਤਾ ਦੀ ਭਲਾਈ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਅ ਰਹੀ ਹੈ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਟੇਟ ਰੈੱਡ ਕਰਾਸ ਸੁਸਾਇਟੀ ਦੇ ਸੀ. ਈ. ਓ. ਕਮ ਸਕੱਤਰ ਸੀ.ਐੱਸ. ਤਲਵਾੜ (ਸੇਵਾਮੁਕਤ ਆਈ.ਏ.ਐੱਸ) ਨੇ ਦੱਸਿਆ ਕਿ ਸੁਸਾਇਟੀ ਨੂੰ ਇਸ ਐਵਾਰਡ ਦਾ ਐਲਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਜੋ ਕਿ ਨੈਸ਼ਨਲ ਹੈੱਡਕੁਆਟਰਜ਼ ਆਫ਼ ਦਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਚੇਅਰਮੈਨ ਹਨ, ਵੱਲੋਂ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਇਕ ਵਰਚੁਅਲ ਕਾਨਫਰੰਸ ਦੌਰਾਨ ਕੀਤਾ ਗਿਆ। ਇਹ ਐਵਾਰਡ ਇਸੇ ਸਾਲ ਸ਼ੁਰੂ ਕੀਤੇ ਗਏ ਹਨ ਅਤੇ ਪੰਜਾਬ ਸਟੇਟ ਰੈਡ ਕਰਾਸ ਸੁਸਾਇਟੀ ਨੂੰ 2019-20 ਲਈ ਐਵਾਰਡ ਵਾਸਤੇ ਚੁਣਿਆ ਗਿਆ ਹੈ।

ਸੀ.ਐੱਸ. ਤਲਵਾੜ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਦੀ ਕਾਰਗੁਜ਼ਾਰੀ ਦਾ 28 ਮਾਪਦੰਡਾਂ 'ਤੇ ਮੁਲਾਂਕਣ ਕੀਤਾ ਗਿਆ ਜਿਸ ਉਪਰੰਤ ਸੁਸਾਇਟੀ ਨੂੰ ਦੂਜੇ ਸਰਵੋਤਮ ਪੁਰਸਕਾਰ ਅਤੇ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਗਿਆ।ਉਨ੍ਹਾਂ ਦੱਸਿਆ ਕਿ ਪਹਿਲਾ ਇਨਾਮ ਗੁਜਰਾਤ ਨੂੰ ਜਦੋਂ ਕਿ ਤੀਜਾ ਸਥਾਨ ਤਾਮਿਲਨਾਡੂ ਨੂੰ ਮਿਲਿਆ ਹੈ।


Gurminder Singh

Content Editor

Related News