ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

Thursday, Jan 06, 2022 - 11:25 AM (IST)

ਕੈਪਟਨ ਦਾ ਵੱਡਾ ਬਿਆਨ, PM ਮੋਦੀ ਦੀ ਸੁਰੱਖਿਆ ’ਚ ਖ਼ਾਮੀ ਲਈ ਪੰਜਾਬ ਸਰਕਾਰ ਹੋਵੇ ਬਰਖ਼ਾਸਤ

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ 40,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਦੇਣ ਫਿਰੋਜ਼ਪੁਰ ਆ ਰਹੇ ਸਨ ਪਰ ਬਠਿੰਡਾ ਤੋਂ ਫਿਰੋਜ਼ਪੁਰ ਜਾਂਦੇ ਸਮੇਂ ਪ੍ਰਦਰਸ਼ਨਕਾਰੀਆਂ ਵੱਲੋਂ ਰਾਹ ਰੋਕੇ ਜਾਣ ਦੇ ਕਾਰਨ ਉਹ ਪਹੁੰਚ ਨਹੀਂ ਸਕੇ। ਹੁਣ ਇਸ ਮਸਲੇ ’ਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਦੀ ਸਿਆਸਤ ਭਖ ਗਈ ਹੈ। ਭਾਜਪਾ ਨੇ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ, ਉਥੇ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹੀ ਨਹੀਂ ਸਗੋਂ ਕਾਂਗਰਸ ’ਚ ਵੀ ਕਈ ਨੇਤਾਵਾਂ ਨੇ ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦੇ ਪੰਜਾਬ ’ਚ ਸਹਿਯੋਗੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ’ਚ ਪੂਰੀ ਤਰ੍ਹਾਂ ਨਾਕਾਮੀ ਲਈ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਰਕਾਰ ਨੂੰ ਬਰਖਾਸਤ ਕਰਕੇ ਸੂਬੇ ’ਚ ਰਾਸ਼ਟਰਪਤੀ ਰਾਜ ਲਗਾਏ ਜਾਣ ਦੀ ਮੰਗ ਕੀਤੀ ਹੈ। ਇਸ ਮੁੱਦੇ ’ਤੇ ਉਨ੍ਹਾਂ ਨਾਲ ਗੱਲ ਕੀਤੀ 'ਜਗ ਬਾਣੀ' ਦੇ ਹਰੀਸ਼ਚੰਦਰ ਨੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਸਵਾਲ: ਪੀ. ਐੱਮ. ਦੀ ਸੁਰੱਖਿਆ ’ਚ ਸੰਨ੍ਹ ਲਗਾਉਣ ਦੀ ਕੋਸ਼ਿਸ਼ ਦੀ ਘਟਨਾ ਬਾਰੇ ਕੀ ਕਹੋਗੇ?
ਜਵਾਬ:
ਇਹ ਬਿਲਕੁੱਲ ਨਾ ਮੰਣਨਯੋਗ ਅਤੇ ਸ਼ਰਮਨਾਕ ਹੈ। ਇਹ ਸਾਡੀ ਪੰਜਾਬੀ ਸੰਸਕ੍ਰਿਤੀ ਦੀ ਮੂਲ ਭਾਵਨਾ ਦੇ ਵਿਰੁੱਧ ਹੈ। ਪ੍ਰਧਾਨ ਮੰਤਰੀ ਮੋਦੀ ਸਾਡੇ ਮਹਿਮਾਨ ਸਨ। ਉਹ 50,000 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਕੇ ਆਏ ਸਨ। ਇਸ ਸਰਕਾਰ ਨੇ ਜਾਣਬੁੱਝ ਕੇ ਇਸ ਨੂੰ ਰੋਕਿਆ।

ਇਹ ਵੀ ਪੜ੍ਹੋ:  PM ਮੋਦੀ ਨੂੰ ਵਾਪਸ ਮੁੜਨਾ ਪਿਆ ਸਾਨੂੰ ਦੁੱਖ਼ ਪਰ ਇਸ ਮਾਮਲੇ ’ਤੇ ਨਾ ਹੋਵੇ ਸਿਆਸਤ: ਚਰਨਜੀਤ ਸਿੰਘ ਚੰਨੀ

ਸਵਾਲ: ਤੁਸੀਂ ਇਸ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ?
ਜਵਾਬ:
ਬਿਨਾ ਸ਼ੱਕ ਪੰਜਾਬ ਸਰਕਾਰ ਨੂੰ। ਇਹ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹ ਕਿਸੇ ਨੂੰ ਵੀ ਫੁੱਲ ਪਰੂਫ ਸੁਰੱਖਿਆ ਮੁਹੱਈਆ ਕਰਵਾਏ ਅਤੇ ਉਸ ਤੋਂ ਵੱਧ ਉਹ ਸਾਡੇ ਪ੍ਰਧਾਨ ਮੰਤਰੀ ਹਨ, ਜੋ ਸੂਬੇ ਦਾ ਦੌਰਾ ਕਰ ਰਹੇ ਸਨ।

ਸਵਾਲ: ਸਥਾਨਕ ਪੁਲਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਿੰਨੀ ਕਹੋਗੇ?
ਜਵਾਬ:
ਪੁਲਸ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦੀ ਹੈ। ਉਨ੍ਹਾਂ ਨੂੰ ਉਸੇ ਦੇ ਅਨੁਸਾਰ ਨਿਰਦੇਸ਼ ਦਿੱਤਾ ਗਿਆ ਹੋਵੇਗਾ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਦਾ ਹੀ ਕੰਮ ਕੀਤਾ।

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਹੋ ਸਕਦੀ ਹੈ?
ਜਵਾਬ:
ਮੈਂ ਇਸ ਨੂੰ ਸਿਆਸੀ ਸਾਜ਼ਿਸ਼ ਵੀ ਨਹੀਂ ਕਹਾਂਗਾ। ਇਹ ਘਟੀਆ ਅਤੇ ਛੋਟੀ ਮਾਨਸਿਕਤਾ ਹੈ।

ਸਵਾਲ: ਤੁਸੀਂ ਵੀ ਸੀ. ਐੱਮ. ਰਹੇ ਹੋ, ਕੀ ਪ੍ਰੋਟੋਕਾਲ ਹੁੰਦਾ ਹੈ ਪੀ. ਐੱਮ. ਦੀ ਸਟੇਟ ਵਿਜ਼ਿਟ ’ਤੇ ਜੋ ਅੱਜ ਨਹੀਂ ਦਿਸਿਆ?
ਜਵਾਬ:
ਹਰ ਮਿੰਟ ਦੀ ਪੂਰੀ ਡਿਟੇਲ ਦਾ ਧਿਆਨ ਰੱਖਿਆ ਜਾਂਦਾ ਹੈ। ਆਖਿਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਖਤ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਫੁੱਲ ਪਰੂਫ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਉਹ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਦੇ ਨੇੜੇ ਸਿਰਫ਼ 10 ਕਿਲੋਮੀਟਰ ਦੀ ਦੂਰੀ ’ਤੇ ਸਨ।

ਇਹ ਵੀ ਪੜ੍ਹੋ: ਰਾਜ ਕੁਮਾਰ ਵੇਰਕਾ ਦਾ ਵੱਡਾ ਬਿਆਨ, ਰੈਲੀ 'ਫਲਾਪ' ਹੋਣ ਕਾਰਨ ਪਰਤੇ PM ਮੋਦੀ

ਸਵਾਲ: ਇਸ ਮਸਲੇ ’ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਅਤੇ ਕਿਸ ’ਤੇ?
ਜਵਾਬ:
ਸਭ ਤੋਂ ਪਹਿਲਾਂ ਤੁਹਾਨੂੰ ਇਸ ਸਰਕਾਰ ਨੂੰ ਬਰਖਾਸਤ ਕਰ ਕੇ ਰਾਸ਼ਟਰਪਤੀ ਰਾਜ ਲਗਾਉਣ ਦੀ ਲੋੜ ਹੈ। ਇਸ ਸਰਕਾਰ ਨੇ ਰਾਜ ਕਰਨ ਦਾ ਨੈਤਿਕ ਅਤੇ ਸੰਵਿਧਾਨਕ ਅਧਿਕਾਰ ਗੁਆ ਦਿੱਤਾ ਹੈ। ਇਹ ਖ਼ਾਮੀ ਬਹੁਤ ਗੰਭੀਰ ਹੈ।

ਸਵਾਲ: ਕੀ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕਿ ਪੀ. ਐੱਮ. ਵੀ ਫਿਰੋਜ਼ਪੁਰ ਸੁਰੱਖਿਅਤ ਨਹੀਂ ਜਾ ਸਕੇ?
ਜਵਾਬ:
ਤੁਸੀਂ ਖ਼ੁਦ ਪਤਾ ਲਗਾ ਸਕਦੇ ਹੋ। ਇਹ ਬਹੁਤ ਸਪਸ਼ਟ ਹੈ ਅਤੇ ਕਿਸੇ ਵੀ ਸ਼ੱਕ ਤੋਂ ਪਰੇ ਹੈ। ਉਨ੍ਹਾਂ ਦੇ ਨਾ ਆਉਣ ਨਾਲ ਪੰਜਾਬ ਨੂੰ ਹੀ ਨੁਕਸਾਨ ਹੋਇਆ ਕਿਉਂਕਿ ਜਿਨ੍ਹਾਂ ਪ੍ਰੋਜੈਕਟਾਂ ਲਈ ਉਹ ਆਏ ਸਨ, ਉਹ ਪਹੁੰਚ ਹੀ ਨਹੀਂ ਸਕੇ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ। ਯਕੀਨਨ ਉਹ ਉਨ੍ਹਾਂ ਪ੍ਰੋਜੈਕਟਾਂ ਨੂੰ ਨਹੀਂ ਛੱਡਣਗੇ, ਜਿਨ੍ਹਾਂ ਨੂੰ ਪਹਿਲਾਂ ਮਨਜ਼ੂਰੀ ਮਿਲ ਚੁੱਕੀ ਹੈ। ਇਹ ਗੱਲ ਉਨ੍ਹਾਂ ਨੂੰ ਦੂਜਿਆਂ ਤੋਂ ਉੱਪਰ ਬਣਾਉਂਦੀ ਹੈ। ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਰੋਕਣ ਲਈ ਘਟਿਆ ਅਤੇ ਸਸਤੇ ਹਥਕੰਡੇ ਅਪਣਾਏ। ਮੈਂ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਹਿੱਤਾਂ ’ਚ ਇਨ੍ਹਾਂ ਯੋਜਨਾਵਾਂ ਨੂੰ ਸਿਰੇ ਚੜਾਉਣਗੇ ਜੋ ਦੇਸ਼ ਹਿੱਤ ’ਚ ਵੀ ਹਨ।

ਇਹ ਵੀ ਪੜ੍ਹੋ: ਸਿੱਧੂ ਦੇ ਐਲਾਨਾਂ ਮਗਰੋਂ ਪੰਜਾਬ 'ਚ ਗਰਮਾਈ ਸਿਆਸਤ, ਜਸਵੀਰ ਗੜ੍ਹੀ ਬੋਲੇ, 'ਚੰਨੀ ਵਾਂਗ ਕਰਨ ਲੱਗੇ ਲੋਕਾਂ ਨੂੰ ਗੁੰਮਰਾਹ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News