ਕੋਰੋਨਾ ਦੇ ਲਗਾਤਾਰ ਵਿਗੜ ਰਹੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ
Wednesday, May 05, 2021 - 06:27 PM (IST)
ਚੰਡੀਗੜ੍ਹ : ਸੂਬੇ ਵਿਚ ਵੱਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਪੈਦਾ ਹੋਏ ਖ਼ਤਰੇ ਨੂੰ ਵੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਾਰੀਆਂ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖ਼ੇਤਰ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਵੀ ਕਸਟਮ ਵਿਭਾਗ ਨਾਲ ਤਾਲਮੇਲ ਬਣਾਉਣ ਹਿੱਤ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸਥਿਤੀ ਆਉਣ ਵਾਲੇ ਦਿਨਾਂ ਵਿਚ ਵਿਗੜਣ ਦੇ ਆਸਾਰ ਹਨ ਅਤੇ ਇਹ ਕੋਈ ਵੀ ਨਹੀਂ ਜਾਣਦਾ ਕਿ ਦੇਸ਼ ਅਤੇ ਸੂਬੇ ਵਿਚ ਕੋਵਿਡ ਦੀਆਂ ਹੋਰ ਕਿੰਨੀਆਂ ਲਹਿਰਾਂ ਉੱਠਣਗੀਆਂ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਣਗੇ ਗੱਫ਼ੇ
ਮੰਤਰੀ ਮੰਡਲ ਦੀ ਵਰਚੁਅਲ ਢੰਗ ਨਾਲ ਅੱਜ ਹੋਈ ਮੀਟਿੰਗ ਵਿਚ ਇਸ ਦਰਜੇ ਉੱਤੇ ਮੋਹਰ ਲਾਈ ਗਈ ਅਤੇ ਇਹ ਦਰਜਾ ਰੋਜ਼ਾਨਾ ਘੱਟੋ-ਘੱਟ 700 ਸਿਲੰਡਰ (5 ਐੱਮ.ਟੀ.) ਆਕਸੀਜਨ ਉਤਪਾਦਨ ਸਮਰੱਥਾ ਵਾਲੀਆਂ ਇਕਾਈਆਂ, ਆਕਸੀਜਨ ਸਿਲੰਡਰ ਉਤਪਾਦਕਾਂ/ਨਿਰਮਾਣ ਕਰਨ ਵਾਲਿਆਂ ਅਤੇ ਆਕਸੀਜਨ ਕੰਸਨਟ੍ਰੇਟਰ ਉਤਪਾਦਕ ਇਕਾਈਆਂ ’ਤੇ ਲਾਗੂ ਹੋਵੇਗਾ। ਆਕਸੀਜਨ ਦੀ ਮੁੜ ਭਰਾਈ ਕਰਨ ਵਾਲੀਆਂ ਇਕਾਈਆਂ ਵਿਸ਼ੇਸ਼ ਦਰਜੇ ਤਹਿਤ ਨਹੀਂ ਆਉਣਗੀਆਂ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਪੱਕੇ ਤੌਰ ’ਤੇ ਰਹਿ ਰਹੇ ਪਿੰਡ ਉਦੋਨੰਗਲ ਦੇ ਨੌਜਵਾਨ ਦੀ ਮੌਤ
ਇਸ ਫ਼ੈਸਲੇ ਨਾਲ ਇਹ ਇਕਾਈਆਂ (ਨਵੀਆਂ ਅਤੇ ਪੁਰਾਣੀਆਂ ਦੋਵੇਂ) ਸੀ.ਐੱਲ.ਯੂ./ਬਾਹਰੀ ਵਿਕਾਸ ਖਰਚੇ (ਈ.ਡੀ.ਸੀ.), ਪ੍ਰਾਪਰਟੀ ਟੈਕਸ, ਬਿਜਲੀ ਚੁੰਗੀ, ਸਟੈਂਪ ਡਿਊਟੀ ਅਤੇ ਨਿਵੇਸ਼ ਸਬਸਿਡੀ, ਜੋ ਕਿ ਜ਼ਮੀਨ ਅਤੇ ਮਸ਼ੀਨਰੀ ਵਿਚ ਕੀਤੇ ਗਏ ਪੱਕੇ ਪੂੰਜੀਗਤ ਨਿਵੇਸ਼ ਦੇ 125 ਫ਼ੀਸਦੀ ਤੱਕ ਜੀ.ਐਸ.ਟੀ. ਦੀ ਪ੍ਰਤੀਪੂਰਤੀ ਰਾਹੀਂ ਦਿੱਤੀ ਜਾਂਦੀ ਹੈ, ਤੋਂ 100 ਫ਼ੀਸਦੀ ਛੋਟ ਲੈ ਸਕਣਗੀਆਂ। ਜ਼ਿਕਰਯੋਗ ਹੈ ਕਿ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ, 2017 ਦੇ ਚੈਪਟਰ 10 ਦੇ ਕਲਾਜ 10.6 ਅਤੇ ਵਿਸਥਾਰਿਤ ਸਕੀਮਾਂ ਤੇ ਚਾਲੂ ਦਿਸ਼ਾ-ਨਿਰਦੇਸ਼ਾਂ, 2018 ਦੇ ਕਲਾਜ 2.22 ਤਹਿਤ ਦਿੱਤਾ ਗਿਆ ਹੈ।
ਮੰਤਰੀ ਮੰਡਲ ਵੱਲੋਂ ਉਪਰੋਕਤ ਫ਼ੈਸਲਾ ਸੂਬੇ ਵਿਚ ਕੋਵਿਡ ਮਹਾਮਾਰੀ ਕਰਕੇ ਵਧੇ ਮਾਮਲਿਆਂ ਮਗਰੋਂ ਆਕਸੀਜਨ ਦੀ ਥੁੜ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਮੌਜੂਦਾ ਸਮੇਂ ਪੰਜਾਬ ਨੂੰ ਸੂਬੇ ਤੋਂ ਬਾਹਰੋਂ 195 ਐੱਮ.ਟੀ. ਰੋਜ਼ਾਨਾ ਆਕਸੀਜਨ ਸਪਲਾਈ ਮਿਲਦੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ
ਸਿਹਤ ਸਕੱਤਰ ਹੁਸਨ ਲਾਲ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ 14 ਜ਼ਿਲ੍ਹਿਆਂ ਵਿਚ ਪਾਜ਼ੇਟੀਵਿਟੀ ਦਰ 10 ਫ਼ੀਸਦੀ ਅਤੇ 6 ਜ਼ਿਲ੍ਹਿਆਂ ਵਿਚ 11 ਫ਼ੀਸਦੀ ਹੈ। ਮੋਹਾਲੀ ਵਿਚ ਸਭ ਤੋਂ ਵੱਧ 25 ਫ਼ੀਸਦੀ ਦਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨ ਵਰਗ ਵਿਚ ਮੌਤਾਂ ਦੀ ਗਿਣਤੀ ਘੱਟ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹਾਲਾਤ ਨਾਜ਼ੁਕ ਹਨ ਅਤੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਐਲ-2 ਦੇ 70 ਫ਼ੀਸਦੀ ਅਤੇ ਐੱਲ 3 ਦੇ 80 ਫ਼ੀਸਦੀ ਬਿਸਤਰੇ ਭਰੇ ਹੋਏ ਹਨ ਅਤੇ ਪ੍ਰਤੀਦਿਨ 10-30 ਮਰੀਜ਼ਾਂ ਦੇ ਵੈਂਟੀਲੇਟਰ ’ਤੇ ਜਾਣ ਕਾਰਨ ਆਸਾਰ ਚੰਗੇ ਨਹੀਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਿੰਨੀ ਲਾਕਡਾਊਨ ਦੌਰਾਨ ਪੰਜਾਬ ’ਚ ਠੇਕੇ ਖੋਲ੍ਹਣ ਨੂੰ ਮਨਜ਼ੂਰੀ, ਇਨ੍ਹਾਂ ਦੁਕਾਨਾਂ ਨੂੰ ਵੀ ਦਿੱਤੀ ਛੋਟ
ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਸਰਕਾਰੀ ਮੈਡੀਕਲ ਕਾਲਜਾਂ, ਜ਼ਿਲ੍ਹਾਂ ਹਸਪਤਾਲਾਂ ਅਤੇ ਬਠਿੰਡਾ ਅਤੇ ਮੋਹਾਲੀ ਵਿਖੇ ਆਰਜੀ ਹਸਪਤਾਲਾਂ ਵਿਚ 2000 ਬਿਸਤਰੇ ਹੋਰ ਇਸ ਮਹੀਨੇ ਦੇ ਅੰਤ ਤੱਕ ਵਧਾਉਣ ਲਈ ਰੈਗੂਲਰ ਸਟਾਫ ਦੀ ਸਿੱਧੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਜਦੋਂਕਿ ਵਿਸ਼ੇਸ਼ ਕੋਵਿਡ ਡਿਊਟੀਆਂ ਲਈ ਵਿਦਿਆਰਥੀਆਂ, ਸਿਖਿਆਰਥੀਆਂ ਅਤੇ ਆਊਟ ਸੋਰਸ ਅਮਲੇ ਨੂੰ ਨਿਯੁਕਤ ਕੀਤਾ ਗਿਆ ਹੈ। ਸਿਹਤ ਸਕੱਤਰ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜ਼ਰੂਰੀ ਦਵਾਈਆਂ, ਜਿਨਾਂ ਵਿਚ 50 ਲੱਖ ਰੈਮਡੇਸੀਵੀਰ 100 ਐਮ.ਜੀ. ਟੀਕੇ ਸ਼ਾਮਲ ਹਨ, ਦੇ ਆਰਡਰ ਦੇ ਦਿੱਤੇ ਗਏ ਹਨ ਅਤੇ ਕੁਝ ਹੀ ਦਿਨਾਂ ਵਿੱਚ ਇਨਾਂ ਦੇ ਸਪਲਾਈ ਹੋ ਜਾਣ ਦੀ ਆਸ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?