ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਇਹ ਅਪੀਲ

Saturday, Mar 07, 2020 - 01:16 AM (IST)

ਚੰਡੀਗੜ੍ਹ,(ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਦੇ ਨਾਂ 'ਤੇ ਕੌਮੀ ਬਹਾਦਰੀ ਐਵਾਰਡ ਦੇਣ ਅਤੇ ਦੀਵਾਨ ਟੋਡਰ ਮੱਲ ਦੇ ਸਤਿਕਾਰ 'ਚ ਸੋਨੇ ਦਾ ਯਾਦਗਾਰੀ ਸਿੱਕਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੋਦੀ ਨੂੰ ਲਿਖੇ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਨਿਆਂ ਅਤੇ ਮਾਨਵਤਾ ਦੀ ਖਾਤਰ ਸਭ ਕੁਝ ਤਿਆਗ ਦਿੱਤਾ, ਜਦਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਲਾਸਾਨੀ ਬਹਾਦਰੀ ਅੱਗੇ ਦੁਨੀਆ ਭਰ 'ਚ ਵਸਦੇ ਪੰਜਾਬੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸਿਰ ਝੁਕਾਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਖਾਸ ਕਰਕੇ ਵਿਸ਼ਵ ਭਰ ਦੇ ਲੋਕਾਂ ਨੂੰ ਸਾਡੇ ਇਤਿਹਾਸ ਦੇ ਪੰਨਿਆਂ 'ਚ ਦਰਜ ਇਸ ਮਹਾਨ ਅਧਿਆਏ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਮਹਾਨ ਸਿੱਖ ਗੁਰੂ ਸਾਹਿਬਾਨ ਦੀ ਮਿਸਾਲੀ ਕੁਰਬਾਨੀ ਅਤੇ ਸ਼ਹਾਦਤ ਦਾ ਜ਼ਿਕਰ ਕੀਤਾ। ਜਿਸ ਨੇ ਸਾਡੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕੀਤਾ ਹੈ ਅਤੇ ਸਾਡੇ ਮੁਲਕ ਦੇ ਇਤਿਹਾਸ ਦੇ ਗੌਰਵਮਈ ਹਿੱਸੇ 'ਚ ਦਰਜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਨਿਆਂ ਅਤੇ ਦਮਨ ਖਿਲਾਫ਼ ਲੜਾਈ ਲੜਦਿਆਂ ਸਮੁੱਚਾ ਪਰਿਵਾਰ ਵਾਰ ਦਿੱਤਾ, ਜਿਸ ਕਰਕੇ ਇਤਿਹਾਸ 'ਚ ਗੁਰੂ ਸਾਹਿਬ ਜੀ ਨੂੰ 'ਸਰਬੰਸ ਦਾਨੀ' ਵਜੋਂ ਸਤਿਕਾਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਸਮੇਸ਼ ਪਿਤਾ ਜੀ ਦੇ ਦੋ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਜੰਗ 'ਚ ਸ਼ਹਾਦਤ ਦਿੱਤੀ। ਮੁੱਖ ਮੰਤਰੀ ਨੇ ਆਪਣੇ ਪੱਤਰ 'ਚ ਲਿਖਿਆ ਕਿ ਗੁਰੂ ਸਾਹਿਬ ਜੀ ਦੇ ਦੋ ਛੋਟੇ ਸਪੁੱਤਰਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਅਣਮਨੁੱਖੀ ਅਤੇ ਬੇਰਹਿਮ ਢੰਗ ਨਾਲ ਸਰਹਿੰਦ 'ਚ ਜਿੰਦਾ ਨੀਂਹਾਂ 'ਚ ਚਿਣਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨਿੱਕੀ ਉਮਰ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਮੁਗਲ ਹਾਕਮ ਦੀ ਤਾਕਤ ਵਿਰੁੱਧ ਮਿਸਾਲੀ ਬਹਾਦਰੀ ਅਤੇ ਦਲੇਰੀ ਦਿਖਾਈ ਸੀ।


Related News