ਮੈਨੂੰ ਸਲਾਹ ਦੇਣ ਦੀ ਥਾਂ ਕੈਪਟਨ ਖੁਦ ਅਕਾਲੀਆਂ ਦੇ ਜੱਥੇ ਨਾਲ ਜਾਣ ਪਾਕਿਸਤਾਨ : ਬਾਜਵਾ
Saturday, Nov 02, 2019 - 12:20 AM (IST)

ਚੰਡੀਗੜ੍ਹ,(ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਮੋੜਵਾਂ ਵਾਰ ਕੀਤਾ ਹੈ। ਕੈਪਟਨ ਵੱਲੋਂ ਬਾਜਵਾ ਨੂੰ ਅਕਾਲੀਆਂ ਦੇ ਜਥੇ ਨਾਲ ਕਰਤਾਰਪੁਰ ਸਾਹਿਬ ਜਾਣ ਦੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਾਜਵਾ ਨੇ ਕਿਹਾ ਕਿ ਲੱਗਦਾ ਹੈ ਕਿ ਕੈਪਟਨ ਦੀ ਯਾਦ ਸ਼ਕਤੀ ਘੱਟ ਗਈ ਹੈ। ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਮੈਨੂੰ ਅਕਾਲੀਆਂ ਨਾਲ ਜਥੇ 'ਚ ਜਾਣ ਦੀ ਸਲਾਹ ਦੇਣ ਦੀ ਥਾਂ ਕੈਪਟਨ ਅਮਰਿੰਦਰ ਨੂੰ ਖੁਦ ਅਕਾਲੀਆਂ ਦੇ ਜਥੇ 'ਚ ਸ੍ਰੀ ਕਰਤਾਰਪੁਰ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ 14 ਸਾਲ ਉਹ ਅਕਾਲੀਆਂ ਨਾਲ ਰਹੇ ਹਨ ਜਦਕਿ ਮੇਰਾ ਅਕਾਲੀਆਂ ਨਾਲ ਕਦੇ ਕੋਈ ਲੈਣਾ-ਦੇਣਾ ਨਹੀਂ ਰਿਹਾ। ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ 'ਚ ਹੀ ਹਾਂ। ਬਾਜਵਾ ਨੇ ਕਿਹਾ ਕਿ ਉਹ ਆਪਣੀ ਇਸ ਗੱਲ 'ਤੇ ਕਾਇਮ ਹਨ ਕਿ ਉਹ ਉਸ ਜਥੇ 'ਚ ਪਾਕਿਸਤਾਨ ਨਹੀਂ ਜਾਣਗੇ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹੋਣ।
ਬਾਜਵਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਕੈਪਟਨ ਤੇ ਬਾਦਲਾਂ ਦੀ ਜੇ ਹੋਰ ਕੰਮਾਂ 'ਚ ਸਾਂਝ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਾਂਝੇ ਪ੍ਰੋਗਰਾਮ ਦੇ ਮਾਮਲੇ 'ਚ ਇਕ ਦੂਜੇ ਖਿਲਾਫ਼ ਬਿਆਨਬਾਜ਼ੀ ਕਰਕੇ ਵੱਖਰੇਵੇਂ ਹੋਣ ਦੀ ਡਰਾਮੇਬਾਜ਼ੀ ਕਿਉਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਹੋਰਨਾਂ ਕੰਮਾਂ 'ਚ ਇਕ ਹੋ ਸਕਦੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਿਲ ਕੇ ਮਨਾਉਣ ਦੀ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਚਾਹੀਦਾ ਹੈ ਕਿ ਉਹ ਦੋਵਾਂ ਧਿਰਾਂ ਨੂੰ ਇਕ ਕਰਨ ਦਾ ਯਤਨ ਕਰਨ ਪਰ ਭਾਜਪਾ ਵੀ ਸਿਆਸੀ ਲਾਹਾ ਲੈਣ ਦੇ ਰਾਹ 'ਤੇ ਤੁਰ ਪਈ ਹੈ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਵੱਖਰਾ ਪ੍ਰੋਗਰਾਮ ਉਲੀਕ ਲਿਆ ਹੈ। ਇਸ ਨਾਲ ਪੰਜਾਬ ਸਰਕਾਰ ਵੱਲੋਂ ਪੰਡਾਲ 'ਤੇ ਲਾਏ ਗਏ ਕਰੋੜਾਂ ਰੁਪਏ ਵੀ ਬਰਬਾਦ ਹੋਏ ਹਨ ਅਤੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਵੀ ਅਕਾਲੀਆਂ ਦੇ ਹੱਥ 'ਚ ਰਹੇਗਾ।
ਕੈਪਟਨ ਤੇ ਬਾਦਲ ਦੀਆਂ ਨੀਤੀਆਂ 'ਚ ਨਹੀਂ ਕੋਈ ਅੰਤਰ
ਕੈਪਟਨ ਤੇ ਬਾਦਲਾਂ ਦੀ ਸਾਂਝ ਬਾਰੇ ਹੋਰ ਸਪੱਸ਼ਟ ਕਰਦਿਆਂ ਬਾਜਵਾ ਨੇ ਕਿਹਾ ਕਿ ਟ੍ਰਾਂਸਪੋਰਟ ਨੀਤੀ, ਮਾਈਨਿੰਗ ਅਤੇ ਕੇਬਲ ਮਾਫੀਏ ਦੇ ਮਾਮਲੇ ਇਸ ਦੀ ਉਦਾਹਰਨ ਹਨ। ਕੈਪਟਨ ਦਾ ਬਾਦਲਾਂ ਨਾਲੋਂ ਇਨ੍ਹਾਂ ਨੀਤੀਆਂ 'ਚ ਕੋਈ ਫਰਕ ਨਹੀਂ। ਇਸ ਤੋਂ ਇਲਾਵਾ ਬਰਗਾੜੀ ਬੇਅਦਬੀ ਮਾਮਲੇ 'ਚ ਬਾਦਲਾਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਣ ਆਮ ਲੋਕਾਂ 'ਚ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਕੈਪਟਨ ਤੇ ਬਾਦਲ ਇਕੋ ਜਿਹੇ ਹੀ ਹਨ। ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਕਿਉਂਕਿ ਪਟਿਆਲਾ 'ਚ ਤਾਂ ਪਹਿਲਾਂ ਹੀ ਚਾਰ ਯੂਨੀਵਰਸਿਟੀਆਂ ਸਥਾਪਿਤ ਹਨ। ਬਾਜਵਾ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ, ਬਟਾਲਾ ਤੇ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇਤਿਹਾਸਕ ਸਥਾਨ ਹਨ, ਇਸ ਕਰ ਕੇ ਇਹ ਯੂਨੀਵਰਸਿਟੀ ਇਸ ਖੇਤਰ 'ਚ ਹੀ ਉਨ੍ਹਾਂ ਦੇ ਨਾਮ 'ਤੇ ਹੀ ਸਥਾਪਿਤ ਹੋਣੀ ਚਾਹੀਦੀ ਹੈ।
ਸਿੱਧੂ ਦੇ ਕਰਤਾਰਪੁਰ ਦੌਰੇ 'ਚ ਵੀ ਅੜਿੱਕਾ ਪਾਉਣ ਦਾ ਖਦਸ਼ਾ ਪ੍ਰਗਟਾਇਆ
ਨਵਜੋਤ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਜਥੇ 'ਚੋਂ ਨਜ਼ਰ-ਅੰਦਾਜ਼ ਕਰਨ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਮਿਲੇ ਸੱਦੇ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੈਨੂੰ ਤਾਂ ਇਹ ਵੀ ਖਦਸ਼ਾ ਹੈ ਕਿ ਨਵਜੋਤ ਸਿੱਧੂ ਨੂੰ ਵੀ ਕੈਪਟਨ ਸਰਕਾਰ ਸਾਜ਼ਿਸ਼ ਕਰ ਕੇ ਕਰਤਾਰਪੁਰ ਜਾਣੋਂ ਰੋਕ ਸਕਦੀ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਤੋਂ ਦਿੱਤੀ ਛੋਟ ਦੇ ਫੈਸਲੇ ਨੂੰ ਸਹੀ ਦੱਸਿਆ।