ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਲਈ ਕੈਪਟਨ ਨੇ ਗਡਕਰੀ ਨੂੰ ਲਿਖਿਆ ਪੱਤਰ
Saturday, Dec 15, 2018 - 06:55 PM (IST)
ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਪ੍ਰਸਤਾਵਿਤ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਨੂੰ ਜਲਦ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਨੇ ਇਸ ਐਕਸਪ੍ਰੈਸਵੇਅ ਨੂੰ ਗਰੀਨਫੀਲਡ ਪ੍ਰਾਜੈਕਟ ਵਜੋਂ ਪ੍ਰਸਤਾਵਿਤ ਕੀਤਾ ਹੈ ਜੋ ਕੌਮੀ ਰਾਜਧਾਨੀ ਨੂੰ ਮਹੱਤਵਪੂਰਨ ਧਾਰਮਿਕ ਸ਼ਹਿਰਾਂ ਅੰਮ੍ਰਿਤਸਰ (ਪੰਜਾਬ) ਅਤੇ ਕੱਟੜਾ (ਜੰਮੂ ਤੇ ਕਸ਼ਮੀਰ) ਨਾਲ ਜੋੜੇਗਾ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਸ ਪ੍ਰਸਤਾਵਿਤ ਐਕਸਪ੍ਰੈਸਵੇਅ ਪ੍ਰਾਜੈਕਟ ਦੀ ਸੇਧ ਬਾਰੇ ਵਿਚਾਰ ਕੀਤੀ ਗਈ ਸੀ ਜੋ ਹਰਿਆਣਾ ਅਤੇ ਪੰਜਾਬ ਵਿਚੋਂ ਗੁਜ਼ਰਦਾ ਹੋਇਆ ਅੰਮ੍ਰਿਤਸਰ ਤੱਕ ਜਾਵੇਗਾ। ਇਸ ਪਿੱਛੋਂ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਤੋਂ ਇਸ ਸੇਧ ਨੂੰ ਸ਼ੁਰੂ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ ਜੋ ਸਿੱਧਾ ਅੰਤਰਰਾਸ਼ਟਰੀ ਹਵਾਈ ਅੱਡਾ, ਨਵੀਂ ਦਿੱਲੀ ਵਿਖੇ ਜਾਵੇਗਾ। ਹਾਲਾਂਕਿ ਕੇਂਦਰੀ ਆਵਾਜਾਈ ਅਤੇ ਹਵਾਬਾਜ਼ੀ ਮੰਤਰਾਲੇ ਵੱਲੋਂ ਇਸ ਸੇਧ ਨੂੰ ਪ੍ਰਵਾਨਗੀ ਦੇਣ ਬਾਰੇ ਰਸਮੀ ਫੈਸਲਾ ਅਜੇ ਕੀਤਾ ਜਾਣਾ ਹੈ।
