ਕੈਪਟਨ ਵਲੋਂ ਵਿਭਾਗ ਦੀ ਖੁਦ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਵੀ ਨਹੀਂ ਮਿਲ ਰਹੀ ਪਾਵਰਕਾਮ ਨੂੰ ਰਾਹਤ

Friday, Aug 09, 2019 - 01:15 AM (IST)

ਕੈਪਟਨ ਵਲੋਂ ਵਿਭਾਗ ਦੀ ਖੁਦ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਵੀ ਨਹੀਂ ਮਿਲ ਰਹੀ ਪਾਵਰਕਾਮ ਨੂੰ ਰਾਹਤ

ਚੰਡੀਗੜ੍ਹ,(ਸ਼ਰਮਾ): ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਮੰਤਰੀ ਮੰਡਲ ਤੋਂ ਤਿਆਗ ਪੱਤਰ ਦੇਣ ਤੋਂ ਬਾਅਦ ਬਿਜਲੀ ਵਿਭਾਗ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੁਦ ਜ਼ਿੰਮੇਵਾਰੀ ਸੰਭਾਲਣ ਤੇ ਵਿੱਤ ਵਿਭਾਗ ਨੂੰ ਪਾਵਰਕਾਮ ਦੀ ਡਿਊ ਸਬਸਿਡੀ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਪਾਵਰਕਾਮ ਨੂੰ ਰਾਹਤ ਨਹੀਂ ਮਿਲ ਰਹੀ ਹੈ। ਕਿਸਾਨਾਂ ਅਤੇ ਹੋਰ ਵਰਗਾਂ ਨੂੰ ਨਿਸ਼ੁਲਕ ਬਿਜਲੀ ਉਪਲੱਬਧ ਕਰਵਾਉਣ ਦੇ ਬਦਲੇ ਪੰਜਾਬ ਸਰਕਾਰ ਵਲੋਂ ਪਾਵਰਕਾਮ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਾਸ਼ੀ ਦੇ ਡਿਫਾਲਟ 'ਚ ਮਹੀਨਾ ਦਰ ਮਹੀਨਾ ਵਾਧਾ ਹੋ ਰਿਹਾ ਹੈ। ਪੰਜਾਬ ਰਾਜ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਚਾਲੂ ਸਾਲ ਲਈ ਅੰਕੀ ਗਈ ਰਾਸ਼ੀ ਅਨੁਸਾਰ ਪੰਜਾਬ ਸਰਕਾਰ ਨੂੰ ਇਸ ਸਾਲ ਪਾਵਰਕਾਮ ਨੂੰ 14972.09 ਕਰੋੜ ਦੀ ਸਬਸਿਡੀ ਅਦਾ ਕਰਨੀ ਹੈ, ਜਿਸ 'ਚੋਂ 31 ਜੁਲਾਈ ਤੱਕ 4823.60 ਡਿਊ ਹੋ ਗਏ ਸਨ ਪਰ ਸਰਕਾਰ ਨੇ ਅਪ੍ਰੈਲ ਤੋਂ ਲੈ ਕੇ 31 ਜੁਲਾਈ ਤੱਕ ਸਿਰਫ 1836.09 ਕਰੋੜ ਦੀ ਹੀ ਰਾਸ਼ੀ ਅਦਾ ਕੀਤੀ। ਇਸ ਰਾਸ਼ੀ 'ਚ ਵੀ 214.01 ਕਰੋੜ ਦੀ ਰਾਸ਼ੀ ਦੀ ਐਡਜਸਟਮੈਂਟ ਪਾਵਰਕਾਮ ਵਲੋਂ ਬਾਂਡਸ 'ਤੇ ਦਿੱਤੇ ਜਾਣ ਵਾਲੇ ਵਿਆਜ ਦੇ ਰੂਪ 'ਚ ਕੀਤੀ ਗਈ। ਇਸ ਤਰ੍ਹਾਂ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੌਰਾਨ 2987.51 ਕਰੋੜ ਦੀ ਡਿਫਾਲਟਰ ਹੋ ਗਈ ਹੈ। ਜੇਕਰ ਪਿਛਲੇ ਸਾਲ ਦੀ ਡਿਫਾਲਟ ਰਾਸ਼ੀ ਵੀ ਇਸ 'ਚ ਜੋੜ ਦਿੱਤੀ ਜਾਵੇ ਤਾਂ ਇਹ ਰਾਸ਼ੀ 7669.94 ਕਰੋੜ ਹੋ ਜਾਵੇਗੀ। ਸਰਕਾਰ ਵਲੋਂ ਇੰਨੀ ਵੱਡੀ ਰਾਸ਼ੀ ਪ੍ਰਾਪਤ ਨਾ ਹੋਣ ਕਾਰਣ ਪਾਵਰਕਾਮ ਆਪਣਾ ਕੰਮ ਸੁਚਾਰੂ ਰੂਪ ਤੋਂ ਚਲਾਉਣ ਲਈ ਵਿੱਤੀ ਸੰਸਥਾਨਾਂ ਤੋਂ ਅਲਪਵਿਧੀ ਦੇ ਕੰਮ ਲੈਣ ਲਈ ਮਜਬੂਰ ਹੈ, ਜਿਸ 'ਤੇ ਲੱਗਣ ਵਾਲੇ ਵਿਆਜ ਦਾ ਬੋਝ ਆਖਰ ਬਿਜਲੀ ਦਰਾਂ 'ਚ ਵਾਧੇ ਦੇ ਰੂਪ 'ਚ ਆਮ ਬਿਜਲੀ ਖਪਤਕਾਰਾਂ ਨੂੰ ਹੀ ਚੁੱਕਣਾ ਪੈਂਦਾ ਹੈ।


Related News