ਕੈਪਟਨ ਅਮਰਿੰਦਰ ਸਿੰਘ 3 ਫਰਵਰੀ ਤੋਂ ਦਿੱਲੀ ''ਚ ਕਰਨਗੇ ਚੋਣ ਰੈਲੀਆਂ ਤੇ ਰੋਡ ਸ਼ੋਅ

01/30/2020 9:34:45 PM

ਚੰਡੀਗੜ੍ਹ,(ਭੁੱਲਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ 3 ਤੋਂ 5 ਫਰਵਰੀ ਤੱਕ ਕੌਮੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਲੜੀਵਾਰ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਤੇ ਰੋਡ ਸ਼ੋਅਜ਼ 'ਚ ਹਿੱਸਾ ਲੈਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ 3 ਫਰਵਰੀ ਸ਼ਾਮ ਨੂੰ ਹਰੀ ਨਗਰ (ਵਿਧਾਨ ਸਭਾ ਹਲਕਾ-28) ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਸੇਤੀਆ ਦੇ ਹੱਕ 'ਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਇਸ ਤੋਂ ਬਾਅਦ ਸ਼ਾਮ 9 ਵਜੇ ਕਾਲਕਾ ਜੀ (ਵਿਧਾਨ ਸਭਾ ਹਲਕਾ-51) ਤੋਂ ਪਾਰਟੀ ਉਮੀਦਵਾਰ ਸ਼ਿਵਾਨੀ ਚੋਪੜਾ ਲਈ ਕੈਨਵਸ ਤੱਕ ਰੋਡ ਸ਼ੋਅ 'ਚ ਹਿੱਸਾ ਲੈਣਗੇ। ਮੁੱਖ ਮੰਤਰੀ 4 ਫਰਵਰੀ ਨੂੰ ਪਾਰਟੀ ਉਮੀਦਵਾਰ ਅਭਿਸ਼ੇਕ ਦੱਤ ਦੇ ਸਮਰਥਨ 'ਚ ਸ਼ਾਮ ਨੂੰ ਕਸਤੁਰਬਾ ਨਗਰ (ਵਿਧਾਨ ਸਭਾ ਹਲਕਾ-42) ਵਿਖੇ ਰੋਡ ਸ਼ੋਅ 'ਚ ਹਿੱਸਾ ਲੈਣਗੇ ਅਤੇ ਇਸ ਤੋਂ ਬਾਅਦ ਜੰਗਪੁਰਾ (ਵਿਧਾਨ ਸਭਾ ਹਲਕਾ-41) ਦੇ ਬਾਟਾ ਚੌਂਕ ਭੋਗਲ ਵਿਖੇ ਰਾਤ ਨੂੰ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਕੈਪਟਨ ਅਮਰਿੰਦਰ ਦੇ 5 ਫਰਵਰੀ ਦੇ ਚੋਣ ਪ੍ਰਚਾਰ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣਾ ਅਜੇ ਬਾਕੀ ਹੈ।


Related News