ਆਦਮਪੁਰ ਹਵਾਈ ਅੱਡੇ ਨੂੰ ਲੈ ਕੇ ਕੈਪਟਨ ਨੇ ਪੁਰੀ ਕੋਲ ਕੀਤੀ ਇਹ ਮੰਗ
Friday, Jun 28, 2019 - 06:43 PM (IST)

ਜਲੰਧਰ/ਦਿੱਲੀ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਦਿੱਲੀ ਦੇ ਆਪਣੇ ਦੌਰੇ ਦੇ ਦੂਜੇ ਦਿਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਸ਼ਹਿਰੀ ਆਵਾਸ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਕੋਲ ਆਦਮਪੁਰ ਹਵਾਈ ਅੱਡੇ ਦਾ ਨਾਂ ਜਲੰਧਰ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ ਹੈ। ਇਸ ਦੌਰਾਨ ਕੈਪਟਨ ਨੇ ਆਦਮਪੁਰ ਹਵਾਈ ਅੱਡੇ ਤੋਂ ਹੋਰ ਵਧੇਰੇ ਉਡਾਣਾਂ ਸ਼ੁਰੂ ਕਰਨ ਦੀ ਗੱਲ ਵੀ ਪੁਰੀ ਸਾਹਮਣੇ ਰੱਖੀ। ਆਦਮਪੁਰ ਦਾ ਹਵਾਈ ਅੱਡਾ ਕੁਝ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ।
ਮੁੱਖ ਮੰਤਰੀ ਚਾਹੁੰਦੇ ਹਨ ਕਿ ਜੇ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਜਲੰਧਰ ਹਵਾਈ ਅੱਡਾ ਰੱਖ ਦਿੱਤਾ ਜਾਵੇ ਤਾਂ ਇਕ ਤਾਂ ਜਲੰਧਰ ਕੌਮਾਂਤਰੀ ਨਕਸ਼ੇ 'ਤੇ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਏਗਾ, ਨਾਲ ਹੀ ਵਿਦੇਸ਼ਾਂ ਤੋਂ ਟਿਕਟਾਂ ਬੁੱਕ ਕਰਵਾਉਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਰਾਹਤ ਮਿਲੇਗੀ ਕਿਉਂਕਿ ਜਲੰਧਰ ਸ਼ਹਿਰ ਨੂੰ ਸਭ ਜਾਣਦੇ ਹਨ। ਮੰਨਿਆ ਜਾਂਦਾ ਹੈ ਕਿ ਹਰਦੀਪ ਪੁਰੀ ਵਲੋਂ ਜਿਸ ਤਰ੍ਹਾਂ ਅਧਿਕਾਰੀਆਂ ਨੂੰ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਜਲੰਧਰ ਹਵਾਈ ਅੱਡਾ ਰੱਖਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਹੈ, ਉਸ 'ਤੇ ਜਲਦੀ ਹੀ ਅਮਲ ਹੋ ਸਕਦਾ ਹੈ।