ਕੈਪਟਨ ਨੂੰ ਮਿਲੀ ''ਆਪ'' ਵਿਧਾਇਕਾ ਰੁਪਿੰਦਰ ਰੂਬੀ

Saturday, Aug 03, 2019 - 12:34 AM (IST)

ਕੈਪਟਨ ਨੂੰ ਮਿਲੀ ''ਆਪ'' ਵਿਧਾਇਕਾ ਰੁਪਿੰਦਰ ਰੂਬੀ

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਦੀ ਬਠਿੰਡਾ (ਦਿਹਾਤੀ) ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਬਠਿੰਡਾ ਸ਼ਹਿਰ ਸਮੇਤ ਪੂਰੇ ਇਲਾਕੇ 'ਚ ਭਾਰੀ ਮੀਂਹ ਤੇ ਨਿਕੰਮੇ ਪ੍ਰਬੰਧਾਂ ਕਾਰਨ ਘਰਾਂ ਤੇ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਮੁੱਦਾ ਉਠਾਇਆ। ਆਪਣੇ ਮੰਗ-ਪੱਤਰ 'ਚ ਰੂਬੀ ਨੇ ਦੱਸਿਆ ਕਿ ਭਾਰੀ ਮੀਂਹ ਨੇ ਬਠਿੰਡਾ ਦਿਹਾਤੀ ਹਲਕੇ 'ਚ ਬੇਹੱਦ ਤਬਾਹੀ ਮਚਾਈ ਹੈ। ਇਸ ਲਈ ਨੁਕਸਾਨ ਦੀ ਭਰਪਾਈ ਲਈ ਪੂਰਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਕਿਸਾਨ ਨਰਮੇ ਤੇ ਦੂਜੀਆਂ ਫ਼ਸਲਾਂ 'ਤੇ 10 ਤੋਂ 15 ਹਜ਼ਾਰ ਪ੍ਰਤੀ ਏਕੜ ਖ਼ਰਚ ਕਰ ਚੁੱਕੇ ਸਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲਈ ਹੋਈ ਸੀ, ਉਨ੍ਹਾਂ ਦਾ ਹੋਰ ਵੀ ਜ਼ਿਆਦਾ ਨੁਕਸਾਨ ਹੋਇਆ ਹੈ। ਰੂਬੀ ਨੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਂਦਾ ਕਿ ਅਜੇ ਤੱਕ ਗਿਰਦਾਵਰੀਆਂ ਲਟਕੀਆਂ ਹੋਣ ਕਾਰਣ ਕਿਸਾਨ ਹੋਰ ਫ਼ਸਲਾਂ ਬੀਜਣ ਤੋਂ ਲੇਟ ਹੋ ਰਹੇ ਹਨ, ਇਸ ਲਈ ਤੁਰੰਤ ਗਿਰਦਾਵਰੀ ਕਰਵਾਈ ਜਾਵੇ। ਰੂਬੀ ਨੇ ਖੇਤਾਂ 'ਚ ਟਿਊਬਵੈੱਲਾਂ ਤੇ ਮਸ਼ੀਨਰੀ ਦੇ ਹੋਏ ਨੁਕਸਾਨ ਲਈ ਵੀ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ। ਇਸ ਤੋਂ ਇਲਾਵਾ ਘਰਾਂ ਤੇ ਹੋਰ ਜਾਇਦਾਦਾਂ ਦੇ ਹੋਏ ਨੁਕਸਾਨ ਦਾ ਵੀ ਪੂਰਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ।


Related News