ਕੈਪਟਨ ਨੂੰ ਘਰ ''ਚ ਚੁਣੌਤੀ, ਅਕਾਲੀ ਦਲ ਨੂੰ ਚਿਹਰੇ ਦੀ ਲੋੜ
Friday, Feb 15, 2019 - 10:23 AM (IST)
ਜਲੰਧਰ (ਨਰੇਸ਼)—ਬਠਿੰਡਾ ਤੋਂ ਬਾਅਦ ਪੰਜਾਬ ਦੀ ਦੂਸਰੀ ਸਭ ਤੋਂ ਹਾਈ-ਪ੍ਰੋਫਾਈਲ ਸੀਟ ਪਟਿਆਲਾ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਕਬਜ਼ਾ ਰਿਹਾ ਹੈ। ਉਸ ਦੀ ਪਤਨੀ ਪਰਨੀਤ ਕੌਰ ਇਸ ਸੀਟ ਤੋਂ ਲਗਾਤਾਰ 3 ਵਾਰ ਸੰਸਦ ਮੈਂਬਰ ਰਹੀ ਹੈ। ਭਾਵੇਂ ਪਿਛਲੀ ਵਾਰ ਉਹ ਚੋਣ ਹਾਰ ਗਈ ਸੀ ਅਤੇ ਇਸ ਵਾਰ ਵੀ ਪਾਰਟੀ ਵਲੋਂ ਉਸ ਦੀ ਉਮੀਦਵਾਰੀ ਤੈਅ ਮੰਨੀ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਮੈਦਾਨ ਵਿਚ ਕਮਜ਼ੋਰ ਹੋਏ ਹਨ ਅਤੇ ਉਹ ਇਸ ਵਾਰ ਮੈਦਾਨ ਵਿਚ ਨਹੀਂ ਆਉਣਗੇ ਪਰ 'ਆਪ' ਤੋਂ ਵੱਖ ਹੋ ਕੇ ਸੁਖਪਾਲ ਖਹਿਰਾ ਵਲੋਂ ਬਣਾਈ ਗਈ ਪੰਜਾਬੀ ਏਕਤਾ ਪਾਰਟੀ ਅਤੇ ਧਰਮਵੀਰ ਗਾਂਧੀ ਵਿਚਕਾਰ ਸਮਝੌਤਾ ਹੋਣ ਤੋਂ ਬਾਅਦ ਗਾਂਧੀ ਨੂੰ ਇਕ ਵਾਰ ਫਿਰ ਖਹਿਰਾ ਗੁੱਟ ਦੇ ਸਮਰਥਨ ਤੋਂ ਬਾਅਦ ਮਜ਼ਬੂਤੀ ਮਿਲੀ ਹੈ। ਭਾਵੇਂ 'ਆਪ' ਵੀ ਇਸ ਸੀਟ 'ਤੇ ਉਮੀਦਵਾਰ ਉਤਾਰੇਗੀ ਪਰ ਉਹ ਨਵਾਂ ਚਿਹਰਾ ਹੋਵੇਗਾ। ਅਕਾਲੀ ਦਲ ਵੀ ਇਸ ਸੀਟ 'ਤੇ ਪੂਰੀ ਤਾਕਤ ਨਾਲ ਚੋਣ ਲੜੇਗਾ। ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਲਈ ਆਪਣੇ ਘਰ ਵਿਚ ਹੀ ਇਹ ਸੀਟ ਬਚਾਉਣਾ ਜਿੰਨੀ ਵੱਡੀ ਚੁਣੌਤੀ ਹੋਵੇਗੀ, ਵਿਰੋਧੀਆਂ ਲਈ ਕੈਪਟਨ ਤੋਂ ਇਹ ਸੀਟ ਖੋਹਣੀ ਵੀ ਓਨਾ ਵੱਡਾ ਹੀ ਚੈਲੰਜ ਹੋਵੇਗਾ ਅਤੇ ਇਸ ਸੀਟ ਦੇ ਨਤੀਜੇ ਕੈਪਟਨ ਅਮਰਿੰਦਰ ਦੇ ਪਰਿਵਾਰ ਦੇ ਸਿਆਸੀ ਭਵਿੱਖ ਨੂੰ ਤੈਅ ਕਰਨਗੇ।
ਪਟਿਆਲਾ 'ਚ ਕਮਜ਼ੋਰ ਹੋਈ 'ਆਪ'
2014 ਵਿਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ 'ਆਪ' ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ 3,65,671 ਵੋਟਾਂ ਮਿਲੀਆਂ ਸਨ ਅਤੇ ਉਹ ਨਾਭਾ, ਪਟਿਆਲਾ ਪੇਂਡੂ ਖੇਤਰ, ਸਨੌਰ, ਸ਼ੁਤਰਾਣਾ ਹਲਕਿਆਂ ਵਿਚ ਅੱਗੇ ਨਿਕਲ ਗਏ ਸਨ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਪਾਰਟੀ ਪਟਿਆਲਾ ਲੋਕ ਸਭਾ ਦੇ ਤਹਿਤ ਆਉਂਦੇ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਲੀਡ ਨਹੀਂ ਬਣਾ ਸਕੀ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਨਾ ਸਿਰਫ 'ਆਪ' ਦੀ ਲੀਡ ਵਾਲੀਆਂ ਸੀਟਾਂ 'ਤੇ ਕਬਜ਼ਾ ਕੀਤਾ ਸਗੋਂ ਪਟਿਆਲਾ, ਸਮਾਣਾ ਅਤੇ ਘਨੌਰ ਦੀਆਂ ਵਿਧਾਨ ਸਭਾ ਸੀਟਾਂ 'ਤੇ ਜਿੱਤ ਵੀ ਪ੍ਰਾਪਤ ਕੀਤੀ। ਕਾਂਗਰਸ ਨੂੰ 2014 ਵਿਚ 3,44,729 ਵੋਟਾਂ ਮਿਲੀਆਂ ਸਨ, ਜੋ ਵਿਧਾਨ ਸਭਾ ਚੋਣਾਂ ਵਿਚ ਵਧ ਕੇ 5,70,837 ਵੋਟਾਂ ਹੋ ਗਈਆਂ। ਕਾਂਗਰਸ ਨੂੰ 2014 ਦੇ ਮੁਕਾਬਲੇ 2017 ਵਿਚ 2,26,108 ਵੋਟਾਂ ਜ਼ਿਆਦਾ ਮਿਲੀਆਂ ਜਦਕਿ ਦੂਜੇ ਪਾਸੇ 'ਆਪ' ਨੇ ਇਸ ਦੌਰਾਨ 1,00,877 ਵੋਟਾਂ ਗੁਆਈਆਂ ਹਨ। ਆਮ ਆਦਮੀ ਪਾਰਟੀ ਨੂੰ 2014 ਵਿਚ 3,65,671 ਵੋਟਾਂ ਮਿਲੀਆਂ ਜਦਕਿ ਵਿਧਾਨ ਸਭਾ ਚੋਣਾਂ ਦੌਰਾਨ ਪਟਿਆਲਾ ਵਿਧਾਨ ਸਭਾ ਸੀਟਾਂ 'ਤੇ 'ਆਪ' ਦੀਆਂ ਕੁਲ ਵੋਟਾਂ 2,64,794 ਹਨ। ਅਕਾਲੀ ਦਲ ਨੂੰ ਇਸ ਸੀਟ 'ਤੇ 2014 ਵਿਚ 3,40,109 ਵੋਟਾਂ ਮਿਲੀਆਂ ਸਨ ਅਤੇ ਉਸ ਨੂੰ ਵੀ 2017 ਵਿਚ 21,135 ਵੋਟਾਂ ਦਾ ਫਾਇਦਾ ਹੋਇਆ। ਕੁਲ ਮਿਲਾ ਕੇ ਕਾਂਗਰਸ ਤੇ ਅਕਾਲੀ ਦਲ ਦੀਆਂ ਵੋਟਾਂ ਇਸ ਸੀਟ 'ਤੇ ਵਧੀਆਂ ਹਨ ਜਦਕਿ 'ਆਪ' ਦੀਆਂ ਵੋਟਾਂ ਘਟੀਆਂ ਹਨ।
ਪਟਿਆਲਾ ਸੀਟ 'ਤੇ ਦਿਲਚਸਪ ਹੋਵੇਗਾ ਮੁਕਾਬਲਾ
ਅਮਲੋਹ ਦੇ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਪਰਨੀਤ ਕੌਰ ਵਿਰੁੱਧ ਜਾਂਦੇ ਹੋਏ ਪਟਿਆਲਾ ਸੀਟ ਲਈ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਰਣਦੀਪ ਸਿੰਘ ਲਗਾਤਾਰ 4 ਵਾਰ ਵਿਧਾਇਕ ਦੀ ਚੋਣ ਜਿੱਤ ਚੁੱਕੇ ਹਨ ਪਰ ਪੰਜਾਬ ਦੀ ਕੈਬਨਿਟ ਵਿਚ ਉਨ੍ਹਾਂ ਨੂੰ ਜਗ੍ਹਾ ਨਾ ਮਿਲਣ ਕਾਰਨ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦਾ ਸਿਆਸੀ ਤਾਲਮੇਲ ਵਿਗੜ ਗਿਆ ਹੈ। ਖੈਰ, ਹੁਣ ਉਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਪਰਿਵਾਰ ਵਿਰੁੱਧ ਜਾਂਦੇ ਹੋਏ ਟਿਕਟ ਲਈ ਅਪਲਾਈ ਕਰ ਦਿੱਤਾ ਹੈ।
ਅਕਾਲੀ ਦਲ ਕੋਲ ਕੋਈ ਵੱਡਾ ਨੇਤਾ ਨਹੀਂ
ਪਟਿਆਲਾ ਲੋਕ ਸਭਾ ਸੀਟ 'ਤੇ ਪਰਨੀਤ ਕੌਰ ਦੇ ਸਾਹਮਣੇ ਉਤਾਰਨ ਲਈ ਅਕਾਲੀ ਦਲ ਨੂੰ ਮਜ਼ਬੂਤ ਉਮੀਦਵਾਰ ਦੀ ਭਾਲ ਹੈ ਕਿਉਂਕਿ ਅਕਾਲੀ ਦਲ ਕੋਲ ਇਸ ਸੀਟ 'ਤੇ ਉਤਾਰਨ ਕੋਈ ਵੱਡਾ ਸਥਾਨਕ ਨੇਤਾ ਨਹੀਂ ਹੈ। ਪਿਛਲੀਆਂ ਚੋਣਾਂ ਵਿਚ ਅਕਾਲੀ ਦਲ ਨੇ ਦੀਪਇੰਦਰ ਢਿੱਲੋਂ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਲਿਆ ਸੀ ਪਰ ਉਹ ਚੋਣਾਂ ਦੌਰਾਨ ਤੀਜੇ ਨੰਬਰ 'ਤੇ ਰਹੇ ਸਨ। ਇਸ ਤੋਂ ਪਹਿਲਾਂ 2009 ਵਿਚ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਮੌਜੂਦਾ ਸਮੇਂ ਅਨੰਦਪੁਰ ਸਾਹਿਬ ਸੀਟ ਦੇ ਸੰਸਦ ਮੈਂਬਰ ਹਨ। ਇਨ੍ਹਾਂ ਤੋਂ ਇਲਾਵਾ ਅਕਾਲੀ ਦਲ ਕੋਲ ਕੋਈ ਵੱਡਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਜਿਹੜਾ ਕਿ ਪਰਨੀਤ ਕੌਰ ਵਿਰੁੱਧ ਮੈਦਾਨ ਵਿਚ ਉਤਾਰਿਆ ਜਾ ਸਕੇ।
ਕਾਂਗਰਸ ਦੇ ਪ੍ਰਭਾਵ ਵਾਲੀ ਰਹੀ ਹੈ ਪਟਿਆਲਾ ਸੀਟ
ਆਜ਼ਾਦੀ ਤੋਂ ਬਾਅਦ ਇਸ ਸੀਟ 'ਤੇ 15 ਵਾਰ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ 9 ਵਾਰ ਕਾਂਗਰਸ ਨੇ ਇਸ ਸੀਟ 'ਤੇ ਕਬਜ਼ਾ ਕੀਤਾ ਹੈ ਜਦਕਿ ਅਕਾਲੀ ਦਲ 4 ਵਾਰ ਇਸ ਸੀਟ ਤੋਂ ਜਿੱਤਿਆ ਹੈ ਤੇ ਇਕ ਵਾਰ ਆਜ਼ਾਦ ਉਮੀਦਵਾਰ। ਪਿਛਲੀਆਂ ਚੋਣਾਂ ਦੌਰਾਨ 'ਆਪ' ਦੇ ਉਮੀਦਵਾਰ ਧਰਮਵੀਰ ਗਾਂਧੀ ਜੇਤੂ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਇਸ ਸੀਟ ਤੋਂ 1999-2004 ਅਤੇ 2009 ਦੀਆਂ ਚੋਣਾਂ ਲਗਾਤਾਰ ਜਿੱਤ ਕੇ ਹੈਟ੍ਰਿਕ ਬਣਾ ਚੁੱਕੀ ਹੈ।
ਸੰਸਦ 'ਚ ਧਰਮਵੀਰ ਗਾਂਧੀ
ਹਾਜ਼ਰੀ-56% ਸਵਾਲ ਪੁੱਛੇ 15
ਬਹਿਸ 'ਚ ਹਿੱਸਾ-67 ਪ੍ਰਾਈਵੇਟ ਮੈਂਬਰ ਬਿੱਲ-8
ਸਾਲ | ਜੇਤੂ | ਪਾਰਟੀ |
1957 | ਅਚਿੰਤ ਰਾਮ | ਕਾਂਗਰਸ |
1962 | ਹੁਕਮ ਸਿੰਘ | ਕਾਂਗਰਸ |
1967 | ਐੱਮ. ਕੌਰ | ਕਾਂਗਰਸ |
1971 | ਸਤਪਾਲ | ਕਾਂਗਰਸ |
1977 | ਗੁਰਚਰਨ ਸਿੰਘ | ਅਕਾਲੀ ਦਲ |
1980 | ਅਮਰਿੰਦਰ ਸਿੰਘ | ਕਾਂਗਰਸ |
1985 | ਚਰਨਜੀਤ ਸਿੰਘ | ਅਕਾਲੀ ਦਲ |
1989 | ਅਤਿੰਦਰਪਾਲ ਸਿੰਘ | ਆਜ਼ਾਦ |
1992 | ਸੰਤ ਰਾਮ ਸਿੰਗਲਾ | ਕਾਂਗਰਸ |
1996 | ਪ੍ਰੇਮ ਸਿੰਘ ਚੰਦੂਮਾਜਰਾ | ਅਕਾਲੀ ਦਲ |
1998 | ਪ੍ਰੇਮ ਸਿੰਘ ਚੰਦੂਮਾਜਰਾ | ਅਕਾਲੀ ਦਲ |
1999 | ਪਰਨੀਤ ਕੌਰ | ਕਾਂਗਰਸ |
2004 | ਪਰਨੀਤ ਕੌਰ | ਕਾਂਗਰਸ |
2009 | ਪਰਨੀਤ ਕੌਰ | ਕਾਂਗਰਸ |
2014 | ਧਰਮਵੀਰ ਗਾਂਧੀ | 'ਆਪ' |