ਕੈਨੇਡਾ ਦੀ ਕੌਂਸਲ ਜਨਰਲ ਨੇ ਕੈਪਟਨ ਨਾਲ ਕੀਤੀ ਮੁਲਾਕਾਤ

Friday, Dec 07, 2018 - 10:45 AM (IST)

ਕੈਨੇਡਾ ਦੀ ਕੌਂਸਲ ਜਨਰਲ ਨੇ ਕੈਪਟਨ ਨਾਲ ਕੀਤੀ ਮੁਲਾਕਾਤ

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਨਾਲ ਕੈਨੇਡਾ ਦੀ ਕੌਂਸਲ ਜਨਰਲ (ਚੰਡੀਗੜ੍ਹ) ਮਿਆ ਯੇਨ ਨੇ ਮੁਲਾਕਾਤ ਕੀਤੀ, ਜਿਸ 'ਚ ਆਪਸੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿੱਤਾ ਗਿਆ। ਮੁੱਖ ਮੰਤਰੀ ਰਿਹਾਇਸ਼ 'ਚ ਪਹੁੰਚੀ ਯੇਨ ਨੇ ਪੰਜਾਬ ਅਤੇ ਕੈਨੇਡਾ ਦੇ ਆਪਸੀ ਆਰਥਿਕ ਸਬੰਧਾਂ 'ਚ ਹੋਰ ਸੁਧਾਰ ਲਿਆਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੈਨੇਡਾ ਪੰਜਾਬ 'ਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦਾ ਲਾਭ ਲਿਆ ਜਾਵੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਕੌਂਸਲ ਜਨਰਲ ਨੂੰ ਕਿਹਾ ਕਿ ਪੰਜਾਬ ਦੇ ਕੈਨੇਡਾ ਨਾਲ ਆਪਸੀ ਰਿਸ਼ਤੇ ਕਾਫੀ ਨਿੱਘੇ ਹਨ ਅਤੇ ਲੱਖਾਂ ਦੀ ਗਿਣਤੀ 'ਚ ਪੰਜਾਬੀ ਕੈਨੇਡਾ ਜਾ ਕੇ ਉਥੋਂ ਦੇ ਵਿਕਾਸ 'ਚ ਆਪਣਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ 'ਚ ਕੈਨੇਡਾ ਅਹਿਮ ਯੋਗਦਾਨ ਪਾ ਸਕਦਾ ਹੈ ਅਤੇ ਕੈਨੇਡਾ 'ਚ ਕੰਮ ਕਰ ਰਹੀਆਂ ਕੰਪਨੀਆਂ ਪੰਜਾਬ 'ਚ ਆ ਕੇ ਪੂੰਜੀ ਨਿਵੇਸ਼ ਕਰਨਗੀਆਂ। ਪੰਜਾਬ ਸਰਕਾਰ ਨੇ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁੱਲ੍ਹੇ ਦਿਲ ਨਾਲ ਸੂਬੇ ਨੂੰ ਉਦਯੋਗਿਕ ਵਿਕਾਸ ਵੱਲ ਲੈ ਕੇ ਜਾਣ ਦੀ ਦਿਸ਼ਾ ਵੱਲ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ ਅਤੇ ਨਵੀਂ ਉਦਯੋਗਿਕ ਨੀਤੀ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਨੇਕਾਂ ਵੱਡੀਆਂ ਕੰਪਨੀਆਂ ਤੇਜ਼ੀ ਨਾਲ ਪੰਜਾਬ 'ਚ ਪੂੰਜੀ ਨਿਵੇਸ਼ ਲਈ ਅੱਗੇ ਆਈਆਂ ਹਨ। ਮਿਆ ਯੇਨ ਨੇ ਕਿਹਾ ਕਿ ਕੈਨੇਡਾ ਸਰਕਾਰ ਪੰਜਾਬ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਚਾਹਵਾਨ ਹੈ ਅਤੇ ਕੈਨੇਡਾ ਪੰਜਾਬ ਦੇ ਵਿਕਾਸ 'ਚ ਅਹਿਮ ਯੋਗਦਾਨ ਦੇਵੇਗਾ।


author

shivani attri

Content Editor

Related News