ਕੈਪਟਨ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ’ਤੇ ਸਾਧਿਆ ਨਿਸ਼ਾਨਾ

Friday, May 07, 2021 - 03:38 PM (IST)

ਕੈਪਟਨ ਅਮਰਿੰਦਰ ਸਿੰਘ ਨੇ ਪੀ. ਜੀ. ਆਈ. ’ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ (ਅਸ਼ਵਨੀ ਕੁਮਾਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫੇਰ ਪੀ. ਜੀ. ਆਈ. ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਰੈਫਰ ਕੀਤੇ ਜ਼ਿਆਦਾਤਰ ਮਰੀਜ਼ਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਰਿਹਾ ਹੈ (ਭਾਵੇਂ ਖੁਦ ਚੱਲ ਕੇ ਆਉਣ ਵਾਲੇ ਮਰੀਜ਼ ਦਾਖਲ ਕੀਤੇ ਜਾ ਰਹੇ ਹਨ) ਅਤੇ ਇਹ ਪੰਜਾਬ ਦੇ ਕਾਲਜਾਂ ਨਾਲੋਂ ਵੀ ਘੱਟ ਟੈਸਟ ਕਰਵਾ ਰਿਹਾ ਹੈ। ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਦੇ ਇਸ ਖੁਲਾਸੇ ’ਤੇ ਚਿੰਤਾ ਜ਼ਾਹਰ ਕੀਤੀ ਕਿ ਪਿਛਲੇ ਇਕ ਮਹੀਨੇ ਤੋਂ ਵਾਇਰਸ ’ਚ ਆਏ ਬਦਲਾਅ ਦੇ ਨਤੀਜੇ ਪ੍ਰਾਪਤ ਨਹੀਂ ਹੋਏ। ਭਲਕੇ ਤੋਂ ਦੁਕਾਨਾਂ ਪੜਾਅਵਾਰ ਖੋਲ੍ਹਣ ਦੇ ਮੁੱਦੇ ’ਤੇ ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਸਬੰਧਤਾਂ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਸਾਰੇ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਇੱਥੇ ਦੱਸ ਦਈਏ ਕਿ ਮੁੱਖ ਮੰਤਰੀ ਦੇ ਨਾਲ ਵੀਰਵਾਰ ਨੂੰ ਹੋਈ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਬੈਠਕ ਵਿਚ ਨਾ ਵਰਤੇ ਗਏ ਨਵੇਂ ਵੈਂਟੀਲੈਟਰਜ਼ ਦਾ ਮਾਮਲਾ ਭਖਿਆ। ਕੁਝ ਸੰਸਦ ਮੈਂਬਰਾਂ ਨੇ ਸਵਾਲ ਚੁੱਕਿਆ ਕਿ ਭਾਰਤ ਸਰਕਾਰ ਵਲੋਂ ਨਵੇਂ ਵੈਂਟੀਲੈਟਰ ਦਿੱਤੇ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਹੁਣ ਤੱਕ ਇਨ੍ਹਾਂ ਵੈਂਟੀਲੇਟਰਾਂ ਲਈ ਲੋੜੀਂਦਾ ਸਟਾਫ਼ ਤੱਕ ਨਿਯੁਕਤ ਨਹੀਂ ਕਰ ਸਕੀ ਹੈ। ਇਸ ਦੇ ਚਲਦੇ ਰਾਜ ਦੇ ਕਈ ਹਸਪਤਾਲਾਂ ਵਿਚ ਵੈਂਟੀਲੈਟਰ ਸਿਰਫ਼ ਨੁਮਾਇਸ਼ ਵਾਲੀ ਚੀਜ ਭਾਵ ਸ਼ੋਅ ਪੀਸ ਬਣੇ ਹੋਏ ਹਨ। ਸੰਸਦ ਮੈਂਬਰਾਂ ਨੇ ਕਿਹਾ ਕਿ ਵਿਰੋਧੀ ਦਲ ਵੀ ਲਗਾਤਾਰ ਇਸ ਮਾਮਲੇ ’ਤੇ ਸਰਕਾਰ ਨੂੰ ਘੇਰ ਰਹੇ ਹਨ।

ਇਹ ਵੀ ਪੜ੍ਹੋ : ਨਵੇਂ ਵੈਂਟੀਲੇਟਰਜ਼ ਮਾਮਲੇ ’ਚ ਸੰਸਦ ਮੈਂਬਰਾਂ ਨੇ ਚੁੱਕੇ ਸਵਾਲ, ਕੈਪਟਨ ਨੇ ਦਿੱਤਾ ਜਵਾਬ

ਇਸ ’ਤੇ ਮੁੱਖ ਮੰਤਰੀ ਨੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਨੂੰ ਵੈਂਟੀਲੈਟਰ ਦੇ ਫਰੰਟ ’ਤੇ ਚੁਣੌਤੀਆਂ ਪੇਸ਼ ਆ ਰਹੀਆਂ ਹਨ। ਭਾਰਤ ਸਰਕਾਰ ਵਲੋਂ ਰਾਜ ਨੂੰ ਕਰੀਬ 809 ਵੈਂਟੀਲੇਟਰ ਦਿੱਤੇ ਗਏ ਪਰ ਇਨ੍ਹਾਂ ਵਿਚੋਂ ਹੁਣ ਤੱਕ ਕਰੀਬ 108 ਵੈਟੀਲੈਂਟਰਜ਼ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਿਆ ਹੈ। ਇਸ ਦਾ ਵੱਡਾ ਕਾਰਣ ਹੈ ਕਿ ਭਾਰਤ ਇਲੈਕਟ੍ਰਾਨਿਕਸ ਲਿਮਿਟਡ ਦੇ ਇੰਜੀਨੀਅਰ ਇਨ੍ਹਾਂ ਨੂੰ ਇੰਸਟਾਲ ਕਰਨ ਲਈ ਉਪਲੱਬਧ ਨਹੀਂ ਹਨ।

PunjabKesari

ਬੈਠਕ ਵਿਚ ਸਾਮਲ ਹੋਏ ਸੰਸਦ ਮੈਂਬਰ
ਮੀਟਿੰਗ ਵਿਚ ਸ਼ਾਮਲ ਲੋਕ ਸਭਾ ਮੈਂਬਰਾਂ ਵਿਚੋਂ ਅੰਮਿ੍ਰਤਸਰ ਤੋਂ ਗੁਰਜੀਤ ਸਿੰਘ ਔਜਲਾ, ਪਟਿਆਲਾ ਤੋਂ ਪਰਨੀਤ ਕੌਰ, ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਗਿੱਲ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਤੋਂ ਸੰਤੋਖ ਸਿੰਘ ਚੌਧਰੀ, ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸਮਸ਼ੇਰ ਸਿੰਘ ਦੂਲੋ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਖ਼ਤਰੇ ਦੀ ਘੰਟੀ, 17 ਜ਼ਿਲ੍ਹਿਆਂ ’ਚ ਲੈਵਲ-3 ਦਾ ਇਕ ਵੀ ਆਈ. ਸੀ. ਯੂ. ਬੈੱਡ ਨਹੀਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

 


author

Anuradha

Content Editor

Related News