ਨਗਰ ਨਿਗਮ ਚੋਣਾਂ : ਕੈਪਟਨ ਦੇ ਐਲਾਨ ਤੋਂ ਬਾਅਦ ਅਚਾਨਕ ਗਰਮਾਈ ਮਹਾਨਗਰ ਦੀ ਸਿਆਸਤ

Tuesday, Jan 30, 2018 - 05:34 AM (IST)

ਨਗਰ ਨਿਗਮ ਚੋਣਾਂ : ਕੈਪਟਨ ਦੇ ਐਲਾਨ ਤੋਂ ਬਾਅਦ ਅਚਾਨਕ ਗਰਮਾਈ ਮਹਾਨਗਰ ਦੀ ਸਿਆਸਤ

ਲੁਧਿਆਣਾ(ਹਿਤੇਸ਼)-ਕੈਪਟਨ ਅਮਰਿੰਦਰ ਸਿੰਘ ਨੇ ਜੋ 24 ਫਰਵਰੀ ਨੂੰ ਲੁਧਿਆਣਾ ਨਗਰ ਨਿਗਮ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ, ਉਸ ਨਾਲ 'ਜਗ ਬਾਣੀ' ਵਲੋਂ 20 ਜਨਵਰੀ ਨੂੰ ਲਾਈ ਗਈ ਖ਼ਬਰ 'ਤੇ ਮੋਹਰ ਲੱਗ ਗਈ ਹੈ, ਜਿਸ ਵਿਚ ਪਹਿਲਾਂ ਹੀ ਤਰੀਕ ਦਾ ਖੁਲਾਸਾ ਕਰ ਦਿੱਤਾ ਗਿਆ ਸੀ, ਜਿਸ ਦੀ ਸੀ. ਐੱਮ. ਵੱਲੋਂ ਪੁਸ਼ਟੀ ਕਰਨ ਤੋਂ ਬਾਅਦ ਸ਼ਹਿਰ ਦੀ ਸਿਆਸਤ ਅਚਾਨਕ ਗਰਮਾ ਗਈ ਹੈ। ਵਾਰਡਬੰਦੀ ਖਿਲਾਫ ਚੱਲ ਰਹੇ ਕੇਸਾਂ 'ਚ ਉਲਟ ਫੈਸਲਾ ਆਉਣ ਦਾ ਖਤਰਾ ਮੰਡਰਾਇਆ ਤਾਂ ਸਰਕਾਰ ਨੇ ਅਦਾਲਤ 'ਚ ਸੁਣਵਾਈ ਤੋਂ ਪਹਿਲਾਂ ਹੀ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਦੀ ਰਣਨੀਤੀ ਬਣਾ ਲਈ, ਜਿਸ ਦੇ ਤਹਿਤ 3 ਫਰਵਰੀ ਤੱਕ ਸ਼ਡਿਊਲ ਜਾਰੀ ਹੋ ਸਕਦਾ ਹੈ, ਜਿਸ ਤੋਂ ਪਹਿਲਾਂ ਕੈਪਟਨ ਨੇ 24 ਫਰਵਰੀ ਨੂੰ ਲੁਧਿਆਣਾ ਨਗਰ ਨਿਗਮ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ, ਜਿਸ ਨਾਲ ਸਾਰੀਆਂ ਪਾਰਟੀਆਂ ਤੋਂ ਇਲਾਵਾ ਆਜ਼ਾਦ ਚੋਣ ਲੜਨ ਵਾਲੇ ਅਚਾਨਕ ਸਰਗਰਮ ਹੋ ਗਏ ਹਨ। ਇਸ ਦਾ ਅਸਰ ਇਕ-ਅੱਧੇ ਦਿਨ ਵਿਚ ਟਿਕਟਾਂ ਵੰਡਣ ਤੋਂ ਇਲਾਵਾ ਚੋਣ ਪ੍ਰਚਾਰ ਦੀ ਪ੍ਰਕਿਰਿਆ ਤੇਜ਼ ਹੋਣ ਦੇ ਰੂਪ ਵਿਚ ਸਾਹਮਣੇ ਆ ਸਕਦਾ ਹੈ।
ਦੋ ਦਿਨ ਬਾਅਦ ਕਾਊਂਟਿੰਗ ਹੋਣ ਦੀ ਚਰਚਾ ਨਾਲ ਕਾਂਗਰਸੀ ਚਿੰਤਾ 'ਚ
ਜਿੱਥੋਂ ਤੱਕ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਤੋਂ ਇਲਾਵਾ ਬਾਕੀ ਨਗਰ ਨਿਗਮਾਂ ਦੀਆਂ ਹਾਲ ਹੀ ਵਿਚ ਹੋਈਆਂ ਚੋਣਾਂ ਦਾ ਸਵਾਲ ਹੈ, ਉਨ੍ਹਾਂ ਦੇ ਨਤੀਜੇ ਵੋਟਿੰਗ ਵਾਲੇ ਦਿਨ ਹੀ ਐਲਾਨ ਦਿੱਤੇ ਗਏ ਸਨ ਪਰ ਲੁਧਿਆਣਾ ਨੂੰ ਲੈ ਕੇ ਦੋ ਦਿਨ ਬਾਅਦ ਕਾਊਂਟਿੰਗ ਕਰਨ ਬਾਰੇ ਕੈਪਟਨ ਦੇ ਬਿਆਨ ਨਾਲ ਕਾਂਗਰਸੀ ਚਿੰਤਾ ਵਿਚ ਆ ਗਏ ਹਨ। ਦੱਸਿਆ ਜਾਂਦਾ ਹੈ ਕਿ ਚੋਣ ਪ੍ਰਕਿਰਿਆ ਲਈ ਜ਼ਰੂਰੀ ਟਾਈਮ ਪੂਰਾ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਹਾਲਾਂਕਿ ਚੋਣਾਂ ਦੇ ਨਾਲ ਹੀ ਨਤੀਜਿਆਂ ਦਾ ਐਲਾਨ ਕਰਵਾਉਣ ਲਈ ਕਾਂਗਰਸੀ ਵਿਧਾਇਕਾਂ ਵਲੋਂ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਦਸਤਕ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।


Related News