ਕੈਪਟਨ ਨੇ ਰਾਣਾ ਗੁਰਜੀਤ ਦਾ ਅਸਤੀਫ਼ਾ ਰਾਹੁਲ ਦੇ ਦਬਾਅ ''ਚ ਸਵੀਕਾਰ ਕੀਤਾ : ਭਾਜਪਾ

01/19/2018 7:48:34 AM

ਚੰਡੀਗੜ੍ਹ(ਪਰਾਸ਼ਰ)-ਬਹੁ-ਕਰੋੜੀ ਰੇਤ ਖੱਡਾਂ ਦੀ ਨਿਲਾਮੀ ਵਿਚ ਭ੍ਰਿਸ਼ਟਾਚਾਰ ਦੇ ਲਗਾਤਾਰ ਲੱਗਦੇ ਦੋਸ਼ਾਂ ਅਤੇ ਨਵੇਂ-ਨਵੇਂ ਖੁਲਾਸਿਆਂ ਵਿਚ ਕਾਂਗਰਸ ਹਾਈਕਮਾਨ ਦੇ ਦਬਾਅ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁ-ਕਰੋੜੀ ਰੇਤ ਖੱਡ ਨਿਲਾਮੀ ਮਾਮਲੇ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਅਸਤੀਫਾ ਸਵੀਕਾਰ ਕਰਨਾ ਵਿਰੋਧੀ ਪਾਰਟੀਆਂ ਵੱਲੋਂ ਲਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਕਰਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਰਾਣਾ ਗੁਰਜੀਤ ਸਿੰਘ ਦੇ ਅਸਤੀਫੇ 'ਤੇ ਟਿੱਪਣੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕਰਨ ਤੇ ਪੰਜਾਬ ਤੋਂ ਇਕ ਮਹੀਨੇ ਵਿਚ ਨਸ਼ਾ ਖਤਮ ਕਰਨ ਵਿਚ ਫੇਲ ਸਾਬਿਤ ਰਹੇ ਪਰ ਘੱਟ ਤੋਂ ਘੱਟ ਹੁਣ ਭ੍ਰਿਸ਼ਟਾਚਾਰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਬਹੁ-ਕਰੋੜੀ ਰੇਤ ਬੋਲੀ ਵਿਚ ਰਾਣਾ ਗੁਰਜੀਤ ਤੇ ਉਨ੍ਹਾਂ ਦੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਲਾਈ ਗਈ ਕਰੋੜਾਂ ਦੀ ਬੋਲੀ ਵਿਚ ਪੈਸੇ ਕਿੱਥੋਂ ਆਏ, ਦੀ ਜਾਂਚ ਈ. ਡੀ. ਨੂੰ ਸੌਂਪਣ। ਰਾਣਾ ਗੁਰਜੀਤ ਦੇ ਕਰਮਚਾਰੀ/ਸਾਬਕਾ ਕਰਮਚਾਰੀ, ਜਿਨ੍ਹਾਂ ਦੀ ਇਕ ਸਾਲ ਦੀ ਇਨਕਮ ਟੈਕਸ ਰਿਟਰਨ ਇਕ ਲੱਖ ਰੁਪਏ ਜਾਂ 30 ਹਜ਼ਾਰ ਰੁਪਏ ਮਹੀਨਾ ਤਨਖਾਹ ਹੈ, ਨੇ ਕਿਸ ਤਰ੍ਹਾਂ ਕਰੋੜਾਂ ਰੁਪਏ ਦੀ ਬੋਲੀ ਲਾਈ, ਇਸ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਨਹੀਂ ਕਰਵਾਈ ਗਈ ਤੇ ਇਹ ਉਹ ਤੱਥ ਹਨ, ਜੋ ਰਾਣਾ ਗੁਰਜੀਤ ਨੂੰ ਬਹੁਕਰੋੜੀ ਰੇਤ ਬੋਲੀ ਮਾਮਲੇ ਨਾਲ ਜੋੜਦੇ ਹਨ। ਕੈਪਟਨ ਸਰਕਾਰ ਜੇਕਰ ਈਮਾਨਦਾਰ ਹੈ ਤਾਂ ਇਨ੍ਹਾਂ ਤੱਥਾਂ ਦੀ ਈ. ਡੀ. ਤੋਂ ਜਾਂਚ ਕਰਵਾਏ। 


Related News