ਕੈਪਟਨ ਅਮਰਿੰਦਰ ਸਿੰਘ ''ਝਾਂਸਿਆਂ ਦਾ ਰਾਜਾ'' ਹੈ : ਕਾਲੀਆ
Tuesday, Jan 16, 2018 - 04:41 AM (IST)

ਬਠਿੰਡਾ(ਬਲਵਿੰਦਰ)-ਕਾਂਗਰਸ ਨੇ ਚੋਣਾਂ ਸਮੇਂ ਲੰਬਾ-ਚੌੜਾ ਮੈਨੀਫੈਸਟੋ ਬਣਾਇਆ, ਜਿਸ ਵਿਚ ਅਨੇਕਾਂ ਵਾਅਦੇ ਕੀਤੇ ਗਏ ਪਰ 10 ਮਹੀਨੇ ਬੀਤਣ ਦੇ ਬਾਵਜੂਦ ਇਕ ਵੀ ਵਾਅਦਾ ਕਾਂਗਰਸ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ। ਰਾਣੀ ਲਕਸ਼ਮੀ ਬਾਈ ਨੇ ਤਾਂ ਦੇਸ਼ ਤੇ ਕੌਮ ਲਈ ਲੜਾਈ ਲੜੀ ਸੀ ਤੇ ਝਾਂਸੀ ਦੀ ਰਾਣੀ ਅਖਵਾਈ ਸੀ, ਉਸ ਦੇ ਉਲਟ ਕੈਪਟਨ ਨੇ ਲੋਕਾਂ ਨੂੰ ਝਾਂਸੇ ਦੇ ਕੇ ਸੱਤਾ ਹਾਸਲ ਕੀਤੀ, ਇਸ ਲਈ ਉਨ੍ਹਾਂ ਨੂੰ 'ਝਾਂਸਿਆਂ ਦਾ ਰਾਜਾ' ਖਿਤਾਬ ਦਿੱਤਾ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਬਾਰੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਿੱਟੀ ਚੁੱਕ ਕੇ ਸਹੁੰ ਖਾਧੀ ਸੀ ਕਿ ਉਹ ਥਰਮਲ ਦੀਆਂ ਚਿਮਨੀਆਂ 'ਚੋਂ ਨਿਕਲਦਾ ਧੂੰਆਂ ਕਿਸੇ ਵੀ ਹਾਲ ਵਿਚ ਬੰਦ ਨਹੀਂ ਹੋਣ ਦੇਣਗੇ, ਜਦਕਿ ਸੱਤਾ ਆਉਂਦਿਆਂ ਹੀ ਉਹ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਵਾਂਗ ਆਪਣੀ ਸਹੁੰ ਤੋਂ ਪਲਟ ਗਏ ਤੇ ਪਲਾਂਟ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ। ਥਰਮਲ ਬੰਦ ਕਰਨ ਦੀ ਪ੍ਰਕਿਰਿਆ ਤਾਂ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਸ਼ੁਰੂ ਹੋ ਗਈ ਸੀ, ਜਿਸ ਨੂੰ ਹੁਣ ਸਿਰਫ ਲਾਗੂ ਕੀਤਾ ਗਿਆ ਹੈ, ਦੇ ਸਵਾਲ 'ਤੇ ਕਾਲੀਆ ਨੇ ਕਿਹਾ ਕਿ ਉਦੋਂ ਸਿਰਫ ਪ੍ਰਸਤਾਵ ਲਿਆਂਦਾ ਗਿਆ ਸੀ ਜਾਂ ਸਿਰਫ ਬਿਆਨਬਾਜ਼ੀ ਹੋਈ ਸੀ, ਉਦੋਂ ਕੋਈ ਫੈਸਲਾ ਨਹੀਂ ਸੀ ਹੋਇਆ। ਲੀਡਰਾਂ ਦੇ ਬਿਆਨ ਤਾਂ ਆਉਂਦੇ ਹੀ ਰਹਿੰਦੇ ਹਨ, ਫੈਸਲਾ ਹੋਣਾ ਹੀ ਅਸਲੀਅਤ ਹੁੰਦੀ ਹੈ। ਕਾਲੀਆ ਨੇ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਲਈ ਕਾਂਗਰਸ ਹੀ ਜ਼ਿੰਮੇਵਾਰ ਹੈ। ਜਦੋਂ ਕਾਲੀਆ ਨੂੰ ਇਹ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਿਆਨ ਦਿੱਤਾ ਸੀ ਕਿ ਆਮ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਪਹੁੰਚ ਜਾਣਗੇ, ਉਸ ਬਾਰੇ ਕੀ ਕਹੋਗੇ, ਕੀ ਉਹ ਵੀ ਸਿਰਫ ਬਿਆਨ ਹੀ ਸੀ। ਇਸ ਦਾ ਜਵਾਬ ਦੇਣ ਦੀ ਬਜਾਏ ਕਾਲੀਆ ਉੱਠ ਕੇ ਚਲਦੇ ਬਣੇ ਤੇ ਹੱਸਦੇ-ਹੱਸਦੇ ਪ੍ਰੈੱਸ ਕਾਨਫਰੰਸ ਛੱਡ ਗਏ। ਇਸ ਮੌਕੇ ਨਵ-ਨਿਯੁਕਤ ਜ਼ਿਲਾ ਪ੍ਰਧਾਨ ਦਿਆਲ ਸੋਢੀ, ਮੋਹਨ ਲਾਲ ਗਰਗ, ਅਸ਼ੋਕ ਭਾਰਤੀ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਅਸ਼ੋਕ ਬਾਲਿਆਂਵਾਲੀ ਆਦਿ ਭਾਜਪਾ ਆਗੂ ਵੀ ਮੌਜੂਦ ਸਨ।