ਗ੍ਰਹਿ ਵਿਭਾਗ ਕਿਸੇ ਹੋਰ ਮੰਤਰੀ ਦੇ ਹਵਾਲੇ ਕਰ ਦੇਣ ਕੈਪਟਨ : ਖਹਿਰਾ

Wednesday, Nov 01, 2017 - 05:59 AM (IST)

ਗ੍ਰਹਿ ਵਿਭਾਗ ਕਿਸੇ ਹੋਰ ਮੰਤਰੀ ਦੇ ਹਵਾਲੇ ਕਰ ਦੇਣ ਕੈਪਟਨ : ਖਹਿਰਾ

ਚੰਡੀਗੜ੍ਹ(ਭੁੱਲਰ)—ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਵਿਭਾਗ ਆਪਣੇ ਕਿਸੇ ਹੋਰ ਮੰਤਰੀ ਨੂੰ ਸੌਂਪ ਦੇਣ। ਇਥੇ ਇਕ ਪ੍ਰੋਗਰਾਮ ਦੌਰਾਨ ਖਹਿਰਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਤੇ ਮੁੱਖ ਮੰਤਰੀ ਕੋਲ ਸਥਿਤੀ ਨੂੰ ਕੰਟਰੋਲ ਕਰਨ ਦੇ ਕੰਮ ਲਈ ਸਮਾਂ ਨਹੀਂ ਪਰ ਦਿੱਲੀ ਵਿਚ ਬੈਠ ਕੇ ਵਿਦੇਸ਼ੀ ਮਹਿਮਾਨਾਂ ਨਾਲ ਸੈਲਫੀ ਖਿਚਾਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਹੈ, ਜਿਸ ਅਧੀਨ ਸੂਬੇ ਦੀ ਪੁਲਸ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦਾ ਕੰਮ ਕਰਦੀ ਹੈ ਪਰ ਮੌਜੂਦਾ ਸਥਿਤੀ 'ਚ ਉਨ੍ਹਾਂ ਨੂੰ ਗ੍ਰਹਿ ਵਿਭਾਗ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ। ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਬਾਦਲ ਸਰਕਾਰ ਵਾਂਗ ਹੁਣ ਕੈਪਟਨ ਸਰਕਾਰ ਵੀ ਪੁਲਸ ਦੇ ਸਿਆਸੀਕਰਨ ਦੇ ਰਾਹ ਤੁਰ ਪਈ ਹੈ ਅਤੇ ਇਸ ਕਾਰਨ ਵੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅੰਮ੍ਰਿਤਸਰ 'ਚ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ ਹੀ ਨਹੀਂ ਹੋਈ ਬਲਕਿ ਇਸੇ ਦਿਨ ਇਕ ਅਧਿਆਪਕ ਆਗੂ ਤੇ ਇਕ ਹੋਰ ਵਿਅਕਤੀ ਦੀ ਵੀ ਹੱਤਿਆ ਹੋਈ ਹੈ। ਇਸ ਤੋਂ ਪਹਿਲਾਂ ਜਲੰਧਰ ਤੇ ਉਸ ਤੋਂ ਬਾਅਦ ਆਰ. ਐੱਸ. ਐੱਸ. ਆਗੂ ਤੇ ਪਾਦਰੀ ਦੀ ਹੱਤਿਆ ਹੋਈ। ਇਹ ਸਾਰੇ ਮਾਮਲੇ ਰਾਜਨੀਤਕ ਕਤਲ ਹੀ ਹਨ, ਜੋ ਅਤਿ ਨਿੰਦਣਯੋਗ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕਿਸੇ ਦੀ ਜਾਨ-ਮਾਲ ਮਹਿਫੂਜ਼ ਨਹੀਂ, ਇਸ ਲਈ ਕੈਪਟਨ ਸਰਕਾਰ ਨੂੰ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਢਿੱਲ-ਮੱਠ ਛੱਡ ਕੇ ਅਸਰਦਾਇਕ ਕਦਮ ਚੁੱਕਣੇ ਚਾਹੀਦੇ ਹਨ।


Related News