ਕੈਪਟਨ, ਬਾਦਲ ਤੇ ਸੁਖਬੀਰ ਦੀ ਤਿਕੜੀ ਪੰਥ ਨੂੰ ਲਾ ਰਹੀ ਹੈ ਖੋਰਾ : ਭਾਈ ਮੋਹਕਮ ਸਿੰਘ

02/05/2018 9:56:24 AM

ਅੰਮ੍ਰਿਤਸਰ (ਮਮਤਾ)- ਸਿੱਖ ਕੌਮ ਅਤੇ ਪੰਥ 70 ਸਾਲਾਂ ਤੋਂ ਜ਼ੁਲਮ ਝੱਲ ਰਿਹਾ ਹੈ ਪਰ ਅਫਸੋਸ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਤਿਕੜੀ ਦਾ ਬੇਅਸੂਲਾ ਗਠਜੋੜ ਨਿੱਜੀ ਸਵਾਰਥਾਂ ਲਈ ਪੰਥ ਨੂੰ ਖੋਰਾ ਲਾ ਰਿਹਾ ਹੈ। ਪੰਥ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਅੱਜ ਧਰਮ ਯੁੱਧ ਕਾਨਫਰੰਸ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠ ਮਾਨਾਂਵਾਲਾ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਵੱਖ-ਵੱਖ ਜ਼ਿਲਿਆਂ ਤੋਂ ਲੋਕ ਪੁੱਜੇ, ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰਾਂ ਸਮੇਤ ਵੱਡੀ ਪੱਧਰ 'ਤੇ ਯੂਨਾਈਟਿਡ ਅਕਾਲੀ ਦਲ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਏ।
ਕਾਨਫਰੰਸ ਨੂੰ ਮੁੱਖ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਸੀ ਮੰਚ ਤੋਂ ਇਕ ਪਾਸੇ ਕਰਨ ਲਈ ਸਮੂਹ ਪੰਥਕ ਜਥੇਬੰਦੀਆਂ ਇਕ ਪਲੇਟਫਾਰਮ 'ਤੇ ਇਕੱਠੀਆਂ ਕੀਤੀਆਂ ਜਾਣਗੀਆ। ਭਾਈ ਮੰਡ ਨੇ ਸਮੂਹ ਪੰਥਕ ਜਥੇਬੰਦੀਆਂ ਤੇ ਸਿੱਖਾਂ ਦੇ ਬਣੇ ਛੋਟੇ-ਵੱਡੇ ਧੜਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਧਰਮ ਯੁੱਧ ਮੋਰਚਾ ਦੇ ਪੰਥਕ ਕਾਫਲੇ ਵਿਚ ਸ਼ਮੂਲੀਅਤ ਕਰਨ। ਉਨ੍ਹਾਂ ਬੜੇ ਦੁੱਖ ਨਾਲ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਅਸੁਰੱਖਿਅਤ ਹੈ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਹਕੂਮਤ ਕਰ ਰਹੇ ਵੀ ਵਾਅਦਿਆਂ ਤੋਂ ਭੱਜ ਗਏ ਹਨ। ਡੇਰਾਵਾਦ ਵੱਧ ਗਿਆ ਹੈ। ਕੇਂਦਰ ਤੇ ਪੰਜਾਬ ਸਰਕਾਰ ਅਤੇ ਖੁਫੀਆ ਏਜੰਸੀਆਂ ਦੀ ਬਦਨੀਤੀ ਕਾਰਨ ਘੱਟ ਗਿਣਤੀਆਂ ਨੂੰ ਰਗੜਾ ਲੱਗ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 1947, 1948, 1978, 1984, ਬਰਗਾੜੀ ਕਾਂਡ ਆਦਿ ਮਸਲਿਆਂ 'ਤੇ ਲੱਗੇ ਮੋਰਚੇ ਅਸਫਲ ਰਹੇ।
ਇਸ ਮੌਕੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਰਾਜਦੀਪ ਸਿੰਘ, ਪਰਮਜੀਤ ਸਿੰਘ ਜਿਜੇਆਣੀ, ਸਤਨਾਮ ਸਿੰਘ ਮਨਾਵਾਂ, ਕੈਪਟਨ ਚੰਨਣ ਸਿੰਘ, ਈਸਾਈ ਮਤ ਦੇ ਬਿਸ਼ਪ ਐਮਫਲ ਰਹਿਮਤ ਮਸੀਹ, ਰਾਓ ਬਰਿੰਦਰ ਸਿੰਘ, ਵੱਸਣ ਸਿੰਘ ਜਫਰਵਾਲ, ਭਾਈ ਬਹਾਦਰ ਸਿੰਘ, ਜਸਬੀਰ ਸਿੰਘ ਮੰਡਿਆਲਾ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਸੁਖਦੇਵ ਸਿੰਘ ਜੰਡ ਸਾਹਿਬ, ਹਰਭਜਨ ਸਿੰਘ ਜੰਡ ਸਾਹਿਬ, ਬਾਬਾ ਸੁਰਿੰਦਰ ਸਿੰਘ, ਬਾਬਾ ਚਮਕੌਰ ਸਿੰਘ, ਡਾ. ਭਗਵਾਨ ਸਿੰਘ, ਭਾਈ ਗੁਰਨਾਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


Related News