ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਿਧਾਇਕਾਂ ਦਾ ਭਰੋਸਾ ਉਠਿਆ : ਚੀਮਾ

Thursday, Sep 16, 2021 - 08:13 PM (IST)

ਕੈਪਟਨ ਅਮਰਿੰਦਰ ਤੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਿਧਾਇਕਾਂ ਦਾ ਭਰੋਸਾ ਉਠਿਆ : ਚੀਮਾ

ਚੰਡੀਗੜ੍ਹ- ਕਾਂਗਰਸ ਦੇ 40 ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਤੋਂ ਸਦਨ ਵਿੱਚ ਬਹੁਮੱਤ ਸਿੱਧ ਕਰਵਾਇਆ ਜਾਵੇ। 
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਘੱਟ ਗਿਣਤੀ ਵਿੱਚ ਆ ਗਈ ਹੈ ਅਤੇ ਸਮੇਂ ਦੀ ਮੰਗ ਹੈ ਕਿ ਵਿਧਾਨ ਸਭਾ ਦੇ ਸਦਨ ਵਿੱਚ ਮੁੱਖ ਮੰਤਰੀ ਬਹੁਮੱਤ ਸਿੱਧ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਸਮੇਤ ਕਾਂਗਰਸ ਪਾਰਟੀ ਅਤੇ ਕਾਂਗਰਸੀ ਵਿਧਾਇਕਾਂ ਦਾ ਸਮਰਥਨ ਖੋ ਚੁੱਕੇ ਹਨ। 

ਇਹ ਵੀ ਪੜ੍ਹੋ- ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਨੂੰ ਭਲਕੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦੇਵੇਗੀ ‘ਆਪ’
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਉਨ੍ਹਾਂ ਦੀ ਪਾਰਟੀ ਦੋ ਧੜਿਆਂ ਵਿੱਚ ਵੰਡੀ ਗਈ ਹੈ। ਕੈਪਟਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਦਾ ਭਰੋਸਾ ਖੋ ਚੁੱਕੇ ਹਨ। ਨਤੀਜੇ ਵਜੋਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਦੇ ਅਨੁਸਾਰ ਕਾਂਗਰਸ ਦਾ ਬਹੁਮੱਤ ਸੱਤਾ ਵਿੱਚ ਕਾਬਜ ਰਹਿਣ ਲਈ ਨਾ ਕਾਫ਼ੀ ਹੈ। ਪਾਰਟੀ ਦੇ ਦੋ ਧੜਿਆਂ ਵਿੱਚ ਹੋਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਆਗੂ ਲੰਮੇ ਸਮੇਂ ਤੋਂ ਇੱਕ-ਦੂਜੇ ’ਤੇ ਭਰੋਸਾ ਨਹੀਂ ਕਰ ਰਹੇ। ਕੈਪਟਨ ਸਰਕਾਰ ਲਈ ਬਹੁਮੱਤ ਬਣਾ ਕੇ ਰੱਖਣਾ ਮੌਜ਼ੂਦਾ ਸਮੇਂ ਵਿੱਚ ਸਭ ਤੋਂ ਵੱਡੀ ਚੁਣੌਤੀ ਹੈ। ਚੀਮਾ ਨੇ ਕਿਹਾ ਕਿ ਘੱਟ ਗਿਣਤੀ ਵਿੱਚ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਵਿੱਚ ਬਣੇ ਰਹਿਣ ਦਾ ਨਾ ਤਾਂ ਕੋਈ ਨੈਤਿਕ ਅਤੇ ਨਾ ਹੀ ਸੰਵਿਧਾਨਕ ਅਧਿਕਾਰ ਹੈ।
‘ਆਪ’ ਆਗੂ ਨੇ ਕਿਹਾ ਸੂਬੇ ਵਿੱਚ ਸਰਕਾਰ ਦਾ ਠੀਕ ਕੰਮਕਾਜ ਨਾ ਹੋਣ ਕਾਰਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਦੇ ਕੋਲ ਕੈਬਨਿਟ ਵਿੱਚ ਵੀ ਬਹੁਮੱਤ ਨਹੀਂ ਹੈ। ਇਸ ਕਾਰਨ ਉਹ ਸਰਕਾਰ ਵਿੱਚ ਬਤੌਰ ਮੁੱਖ ਮੰਤਰੀ ਬਣੇ ਨਹੀਂ ਰਹਿ ਸਕਦੇ। ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਸਦਨ ਵਿੱਚ ਤੁਰੰਤ ਫਲੋਰ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਵਿਧਾਇਕ ਕੈਪਟਨ ਸਰਕਾਰ ਦੇ ਨਾਲ ਹਨ। 

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ, ਇਸ ਵਾਰ ਸੂਬੇ ’ਚ ਬਾਹਰੀ ਕਿਸਾਨ ਨਹੀਂ ਵੇਚ ਸਕਣਗੇ ਫ਼ਸਲ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਇੱਕ ਪ੍ਰਤੀਨਿੱਧ ਮੰਡਲ ਨੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਦਨ ਵਿੱਚ ਬਹੁਮੱਤ ਸਿੱਧ ਕਰਾਉਣ ਦੀ ਮੰਗ ਕੀਤੀ ਸੀ। 
ਚੀਮਾ ਨੇ ਪ੍ਰਸ਼ਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਦਨ ਵਿੱਚ ਬਹੁਮੱਤ ਸਾਬਤ ਕਰਨ ਦੀ ‘ਆਪ’ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ? ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਨੈਤਿਕਤਾ ਕਿੱਥੇ ਗਈ ਅਤੇ ਉਹ ਇਸ ਮਾਮਲੇ ’ਤੇ ਚੁੱਪ ਕਿਉਂ ਹਨ? ਚੀਮਾ ਨੇ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਰਾਜਪਾਲ ਨੂੰ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਫਲੋਰ ਟੈਸਟ ਕਰਾਉਣ ਦੀ ਮੰਗ ਕਿਉਂ ਨਹੀਂ ਕੀਤੀ? ਜੇ ਕਾਂਗਰਸ ਦੇ ਬਾਗੀ ਵਿਧਾਇਕ ਅਤੇ ਆਗੂ ਕੈਪਟਨ ਦੇ ਖ਼ਿਲਾਫ਼ ਆਪਣੇ ਪੱਧਰ ’ਤੇ ਸਹੀ ਹਨ ਤਾਂ ਉਹ ਵਿਧਾਨ ਸਭਾ ਵਿੱਚ ਬੇਭਰੋਸਗੀ ਦਾ ਮਤਾ ਕਿਉਂ ਨਹੀਂ ਲਿਆਉਂਦੇ। ਚੀਮਾ ਨੇ ਕਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਾਰੇ ਵਿਧਾਇਕ ਅਤੇ ਆਗੂ ਸਾਢੇ ਚਾਰ ਸਾਲ ਤੋਂ ਮਾਫ਼ੀਆ ਰਾਜ ਦਾ ਹਿੱਸਾ ਬਣੇ ਰਹੇ ਹਨ ਅਤੇ ਹੁਣ ਮਹਿਜ ਕੁਰਸੀ ਲਈ ਦਬਾਅ ਬਣਾਉਣ ਦਾ ਨਾਟਕ ਕਰ ਰਹੇ ਹਨ।


author

Bharat Thapa

Content Editor

Related News