ਸਿੱਧੂ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਮੁੱਖ ਮੰਤਰੀ ਅਮਰਿੰਦਰ!
Sunday, Oct 04, 2020 - 01:01 AM (IST)
ਜਲੰਧਰ, (ਧਵਨ)– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਕੱਠਾ ਸਾਹਮਣੇ ਲਿਆਉਣ ਦੀ ਸੰਭਾਵਨਾ ਹੈ ਪਰ ਸਿੱਧੂ ਦੀਆਂ ਸ਼ਰਤਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ ਦੱਸੇ ਜਾ ਰਹੇ।
ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਵਲੋਂ ਸਿੱਧੂ ਨਾਲ ਮੁਲਾਕਤ ਤਾਂ ਕੀਤੀ ਗਈ ਸੀ ਪਰ ਮੁੱਖ ਮੰਤਰੀ ਨਾਲ ਸਿੱਧੂ ਦੇ ਰਿਸ਼ਤਿਆਂ ਦੀ ਕੜਵਾਹਟ ਨੂੰ ਖਤਮ ਕਰਨ ਵਿਚ ਸਭ ਤੋਂ ਵੱਡੀ ਗੱਲ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਅਹੁਦਾ ਅਤੇ ਸਥਾਨਕ ਸਰਕਾਰਾਂ ਵਿਭਾਗ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸੁਨੀਲ ਜਾਖੜ ਨੂੰ ਹਟਾ ਕੇ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਹੱਕ ਵਿਚ ਨਹੀਂ ਹਨ।
ਇਸੇ ਤਰ੍ਹਾਂ ਸਿੱਧੂ ਦੀ ਇਹ ਮੰਗ ਰਹੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਪੁੁਰਾਣਾ ਸਥਾਨਕ ਸਰਕਾਰਾਂ ਵਿਭਾਗ ਵਾਪਸ ਦਿੱਤਾ ਜਾਵੇ। ਸਮੁੱਚੇ ਕਾਂਗਰਸੀਆਂ ਦੀਆਂ ਨਜ਼ਰਾਂ ਇਸ ਪਾਸੇ ਟਿਕੀਆਂ ਹੋਈਆਂ ਹਨ ਕਿ ਸਿੱਧੂ ਦੇ ਮਾਮਲੇ ਵਿਚ ਮੁੱਖ ਮੰਤਰੀ ਆਖਿਰ ਕੀ ਸਟੈਂਡ ਲੈਂਦੇ ਹਨ। ਮੁੱਖ ਮੰਤਰੀ ਚਾਹੁੰਦੇ ਹਨ ਕਿ ਸਿੱਧੂ ਆਪਣੇ ਪੁਰਾਣੇ ਬਿਜਲੀ ਵਿਭਾਗ ਨਾਲ ਮੰਤਰੀ ਮੰਡਲ ਵਿਚ ਵਾਪਸ ਆ ਸਕਦੇ ਹਨ। ਅਜੇ ਇਹ ਵੀ ਦੇਖਣਾ ਬਾਕੀ ਹੈ ਕਿ ਹਰੀਸ਼ ਰਾਵਤ ਤੇ ਸਿੱਧੂ ਦਰਮਿਆਨ ਕੀ ਗੱਲਬਾਤ ਹੋਈ ਅਤੇ ਇਸ ਗੱਲਬਾਤ ਦਾ ਕੀ ਨਤੀਜਾ ਨਿਕਲਦਾ ਹੈ।