ਕੈਪਟਨ ਨੇ ਦਿੱਤਾ ਜਲੰਧਰ ਨੂੰ ਤੋਹਫਾ, ਸਰਕਾਰੀ ਕਾਲਜ ਦਾ ਕੀਤਾ ਉਦਘਾਟਨ (ਵੀਡੀਓ)
Thursday, Feb 28, 2019 - 07:20 PM (IST)
ਜਲੰਧਰ (ਸੋਨੂੰ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨ ਅੱਜ ਜਲੰਧਰ ਵਾਸੀਆਂ ਨੂੰ ਤੋਹਫਾ ਦਿੰਦੇ ਹੋਏ ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਂਦੀ ਬੂਟਾ ਮੰਡੀ ਦੀ ਚਾਰਾ ਮੰਡੀ 'ਚ ਡਾ. ਭੀਮ ਰਾਓ ਅੰਬੇਡਕਰ ਦੇ ਨਾਂ 'ਤੇ ਸਰਕਾਰੀ ਗਰਲਜ਼ ਕਾਲਜ ਦਾ ਨੀਂਹ-ਪੱਥਰ ਰੱਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਨੇ ਘਰ-ਘਰ ਰੋਜ਼ਗਾਰ ਯੋਜਨਾ ਅਧੀਨ ਡੀ. ਏ. ਵੀ. ਯੂਨੀਵਰਸਿਟੀ 'ਚ ਲੜਕਿਆਂ ਅਤੇ ਲੜਕਿਆਂ ਨੂੰ ਨੌਕਰੀ-ਪੱਤਰ ਵੀ ਵੰਡੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਜਲੰਧਰ ਦੇ ਸਾਰੇ ਵਿਧਾਇਕ ਮੌਜੂਦ ਰਹੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਦੇ ਅੰਕੜੇ ਦੱਸਦੇ ਹੋਏ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਅਨੁਸਾਰ ਚੱਲ ਰਹੀ ਹੈ ।ਉਨ੍ਹਾਂ ਨੇ ਦੱਸਿਆ ਕਿ ਪਹਿਲੇ ਰੋਜ਼ਗਾਰ ਮੇਲੇ 'ਚ 5% ਪਲੇਸਮੈਂਟ ਹੋਈ ਸੀ, ਦੂਜੇ 'ਚ 16%, ਤੀਜੇ 'ਚ 21% ਅਤੇ ਹੁਣ ਜੌਬ ਪਲੇਸਮੈਂਟ 55% ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਨੌਕਰੀਆਂ 'ਚ 40213, ਨਿੱਜੀ ਨੌਕਰੀਆਂ 'ਚ 1 ਲੱਖ 71, 270 ਅਤੇ ਸਵੈ. ਰੋਜ਼ਗਾਰ ਯੋਜਨਾ ਤਹਿਤ 3 ਲੱਖ 65 ਹਜ਼ਾਰ 75 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਰੋਜ਼ਾਨਾ 808 ਨੌਜਵਾਨ ਨੌਕਰੀਆਂ ਲਈ ਆ ਰਹੇ ਹਨ ਅਤੇ ਸਾਡਾ ਟੀਚਾ ਰੋਜ਼ਾਨਾ 1000 ਨੌਕਰੀਆਂ ਦੇਣ ਦਾ ਹੈ। ਸਰਕਾਰੀ ਨੌਕਰੀਆਂ ਤਾਂ ਗੁੰਜਾਇਸ਼ ਮੁਤਾਬਕ ਹੀ ਦਿੱਤੀਆਂ ਜਾ ਸਕਦੀਆਂ ਹਨ ਪਰ ਸਰਕਾਰ ਸਵੈ. ਰੋਜ਼ਗਾਰ ਯੋਜਨਾ ਅਤੇ ਇੰਡਸਟਰੀਅਲ ਪਲੇਸਮੈਂਟ 'ਚ ਵੱਧ ਨੌਕਰੀਆਂ ਦੇਣ ਲਈ ਯਤਨਸ਼ੀਲ ਹੈ।
ਉਨ੍ਹਾਂ ਮੁਤਾਬਕ ਮੋਹਾਲੀ 'ਚ 200% ਉਦਯੋਗਿਕ ਵਿਕਾਸ ਹੋਇਆ ਹੈ, ਗੋਬਿੰਦਗੜ੍ਹ 'ਚ 175% ਉਦਯੋਗਕ ਵਿਕਾਸ ਹੈ ਅਤੇ ਇਸ ਨਾਲ ਹੀ ਰੋਜ਼ਗਾਰ ਦੇ ਮੌਕੇ ਵੱਧ ਪੈਦਾ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਲਗਾਏ ਗਏ ਇਸ ਰੋਜ਼ਗਾਰ ਮੇਲੇ 'ਚ ਰੋਜਗਾਰ ਹਾਸਲ ਕਰ ਚੁੱਕੇ ਨੌਜਵਾਨਾ 'ਚ ਜ਼ਿਆਦਾਤਰ ਉਹਨੌਜਵਾਨ ਮੌਜੂਦ ਸਨ, ਜਿੰਨਾ ਨੂੰ ਛੇ ਮਹੀਨੇ ਪਹਿਲਾਂ ਨੌਕਰੀ ਮਿਲ ਚੁੱਕੀ ਸੀ ਅਤੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ, ਉਨ੍ਹਾਂ ਨੂੰ ਤਨਖਾਹ ਸਿਰਫ 11 ਹਜ਼ਾਰ ਰੁਪਏ ਦੇ ਕਰੀਬ ਮਿਲੀ ਹੈ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਜਵਾਨ ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ 'ਤੇ ਤਾਇਨਾਤ ਹਨ, ਉਹ ਸਰੁੱਖਿਅਤ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਲਕ ਹਮੇਸ਼ਾ ਚੜ੍ਹਦੀ ਕਲਾਂ 'ਚ ਰਹੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਲਈ ਜਲੰਧਰ ਤੋਂ ਤਰਨਤਾਰਨ ਰਵਾਨਾ ਹੋ ਗਏ।