ਜਦੋਂ ਸਰਕਾਰੀ ਸਕੂਲ 'ਚ ਬੱਚਿਆਂ ਨੇ 'ਮੋਮਬੱਤੀ ਦੀ ਲੋਅ' ਹੇਠ ਦਿੱਤਾ ਪੇਪਰ...

03/14/2020 4:18:57 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਵਾਰ ਅੱਠਵੀਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਅਤੇ ਇਸ ਸਬੰਧੀ ਵਿਭਾਗ ਵਲੋਂ ਸਾਰੇ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਉਲਟ ਮਾਛੀਵਾੜਾ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਠਵੀਂ ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦਾ ਭਵਿੱਖ ਬੋਰਡ ਦੇ ਨਾਕਸ ਪ੍ਰਬੰਧਾਂ ਕਾਰਨ ਦਾਅ 'ਤੇ ਲੱਗ ਗਿਆ, ਜਦੋਂ ਅੱਜ ਦਾ ਇਮਤਿਹਾਨ ਉਨ੍ਹਾਂ 'ਮੋਮਬੱਤੀਆਂ ਦੀ ਲੋਅ' ਹੇਠ ਅਤੇ ਕਈਆਂ ਨੇ ਘੁੱਪ ਹਨ੍ਹੇਰੇ 'ਚ ਦਿੱਤਾ। ਅੱਜ ਸਵੇਰੇ 9 ਵਜੇ ਮਾਛੀਵਾੜਾ ਦੇ ਸ਼੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਠਵੀਂ ਦੇ ਸਮਾਜਿਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਸ਼ੁਰੂ ਹੋਈ, ਜਿਸ 'ਚ ਵੱਖ-ਵੱਖ ਸਕੂਲਾਂ ਤੋਂ ਪ੍ਰੀਖਿਆ ਦੇਣ ਆਏ 246 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੀਖਿਆ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਬੱਤੀ ਗੁੱਲ ਹੋ ਗਈ, ਜਿਸ ਕਾਰਨ ਪ੍ਰੀਖਿਆ ਕੇਂਦਰ 'ਚ ਹਨ੍ਹੇਰਾ ਛਾ ਗਿਆ।

PunjabKesari

ਪ੍ਰੀਖਿਆ ਲੈਣ ਵਾਲੇ ਅਧਿਆਪਕਾਂ ਵਲੋਂ ਬੇਸ਼ੱਕ ਕੇਂਦਰ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ ਗਈਆਂ ਪਰ ਫਿਰ ਵੀ ਜਦੋਂ ਬੱਚਿਆਂ ਨੂੰ ਰੌਸ਼ਨੀ ਪੂਰੀ ਨਾ ਮਿਲੀ ਤਾਂ ਕੁੱਝ ਡੈਸਕਾਂ 'ਤੇ ਮੋਮਬੱਤੀਆਂ ਜਗ੍ਹਾ ਦਿੱਤੀਆਂ ਗਈਆਂ, ਜਿਨ੍ਹਾਂ ਦੀ ਲੋਅ ਹੇਠ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਪ੍ਰੀਖਿਆ ਕੇਂਦਰ 'ਚ ਅਜਿਹੇ ਹਾਲਾਤ ਵੀ ਦੇਖਣ ਨੂੰ ਮਿਲੇ ਕਿ ਕਈ ਵਿਦਿਆਰਥੀਆਂ ਨੂੰ ਰੌਸ਼ਨੀ ਨਹੀਂ ਮਿਲ ਰਹੀ ਸੀ ਪਰ ਉਹ ਫਿਰ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਜੱਦੋ-ਜ਼ਹਿਦ ਕਰਦੇ ਦਿਖਾਈ ਦਿੱਤੇ ਅਤੇ ਘੁੱਪ ਹਨ੍ਹੇਰੇ ਵਿਚ ਹੀ ਮਿਲਿਆ ਪ੍ਰਸ਼ਨ ਪੱਤਰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। 12 ਵਜੇ ਪ੍ਰੀਖਿਆ ਖਤਮ ਹੋਣ ਤੱਕ ਲਾਈਟ ਨਹੀਂ ਆਈ ਅਤੇ ਜਦੋਂ ਵਿਦਿਆਰਥੀ ਬਾਹਰ ਨਿਕਲੇ ਤਾਂ ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੇ ਸਰਕਾਰ ਤੇ ਸਿੱਖਿਆ ਬੋਰਡ ਦੀ ਮਾੜੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਲਾਰੇ ਲਗਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਪ੍ਰੀਖਿਆ ਕੇਂਦਰਾਂ 'ਚ ਲਾਈਟ ਜਾਣ 'ਤੇ ਜਰਨੇਟਰ ਦੇ ਪ੍ਰਬੰਧ ਵੀ ਨਹੀਂ ਸਨ।
ਅੱਖਾਂ ਤੋਂ ਕਮਜ਼ੋਰ ਵਿਦਿਆਰਥੀ ਹੋਏ ਬੇਹੱਦ ਪਰੇਸ਼ਾਨ
ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮੋਮਬੱਤੀ ਦੀ ਲੋਅ ਹੇਠ ਹੋਈ ਅੱਠਵੀਂ ਦੀ ਪ੍ਰੀਖਿਆ ਦੌਰਾਨ ਉਹ ਵਿਦਿਆਰਥੀ ਜਿਆਦਾ ਪਰੇਸ਼ਾਨ ਹੋਏ, ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਜਿਆਦਾ ਕਮਜ਼ੋਰ ਹੈ। ਇਨ੍ਹਾਂ ਵਿਦਿਆਰਥੀਆਂ ਨੇ ਦੱਸਿਆ ਕਿ ਲਾਈਟ ਨਾ ਹੋਣ ਕਾਰਨ ਉਹ ਅੱਜ ਸਮਾਜਿਕ ਸਿੱਖਿਆ ਦੇ 70 ਅੰਕਾਂ 'ਚੋਂ ਕਾਫ਼ੀ ਅੰਕ ਦਾ ਪ੍ਰਸ਼ਨ ਪੱਤਰ ਹੱਲ ਨਾ ਕਰ ਸਕੇ ਅਤੇ ਜੇਕਰ ਉਨ੍ਹਾਂ ਦੇ ਅੰਕ ਘੱਟ ਆਏ ਤਾਂ ਉਸ ਲਈ ਸਿੱਧੇ ਤੌਰ 'ਤੇ ਸਿੱਖਿਆ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਜਿੰਮੇਵਾਰ ਹੈ।
ਕੀ ਕਹਿਣਾ ਹੈ ਸੁਪਰਡੈਂਟ ਤੇ ਕੰਟਰੋਲਰ ਦਾ
ਜਦੋਂ ਇਸ ਸਬੰਧੀ ਪ੍ਰੀਖਿਆ ਕੇਂਦਰ ਦੇ ਸੁਪਰਡੈਂਟ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਲਾਈਟ ਦੇ ਪ੍ਰਬੰਧ ਕਰਨੇ ਪ੍ਰੀਖਿਆ ਕੰਟਰੋਲਰ ਦੀ ਜਿੰਮੇਵਾਰੀ ਹੈ ਉਹ ਤਾਂ ਬਾਹਰਲੇ ਸਕੂਲਾਂ ਦੇ ਅਧਿਆਪਕ ਹਨ। ਲਾਈਟ ਜਾਣ 'ਤੇ ਜਰਨੇਟਰ ਦਾ ਪ੍ਰਬੰਧ ਕਰਨ ਲਈ ਉਨ੍ਹਾਂ ਵਲੋਂ ਕੰਟਰੋਲਰ ਨੂੰ ਦੱਸ ਦਿੱਤਾ ਗਿਆ ਸੀ ਪਰ ਜਰਨੇਟਰ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਮੋਮਬੱਤੀਆਂ ਜਲਾ ਕੇ ਵਿਦਿਆਰਥੀਆਂ ਨੂੰ ਰੌਸ਼ਨੀ ਦਾ ਪ੍ਰਬੰਧ ਕਰਨਾ ਪਿਆ। ਦੂਸਰੇ ਪਾਸੇ ਪ੍ਰੀਖਿਆ ਕੰਟਰੋਲਰ ਲਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਦਾ ਆਪਣਾ ਕੋਈ ਜਰਨੇਟਰ ਨਹੀਂ ਹੈ, ਇਸ ਲਈ ਪ੍ਰੀਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਸ਼ਹਿਰ 'ਚੋਂ ਜਰਨੇਟਰ ਕਿਰਾਏ 'ਤੇ ਲੈਣ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਜੋ ਜਰਨੇਟਰ ਦਾ ਕਿਰਾਇਆ ਹੁੰਦਾ ਹੈ ਉਸਦੀ ਵੀ ਅਦਾਇਗੀ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਉਨ੍ਹਾਂ ਆਪਣੇ ਪੱਧਰ 'ਤੇ ਜਰਨੇਟਰ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਸੀ।  
ਸਿੱਖਿਆ ਵਿਭਾਗ ਦੇ ਗੈਰ-ਜਿੰਮੇਵਾਰਾਨਾ ਜਵਾਬ
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰੀਖਿਆ ਕੇਂਦਰਾਂ ਦੇ ਕੰਟਰੋਲਰ ਅਧਿਕਾਰੀ ਜਨਕ ਰਾਜ ਨਾਲ ਜਦੋਂ ਪ੍ਰੀਖਿਆ ਕੇਂਦਰ 'ਚ ਲਾਈਟ ਗੁੱਲ ਹੋਣ 'ਤੇ ਮੋਮਬੱਤੀਆਂ ਦੀ ਲੋਅ ਹੇਠ ਵਿਦਿਆਰਥੀਆਂ ਵਲੋਂ ਪ੍ਰੀਖਿਆ ਦੇਣ ਬਾਬਤ ਗੱਲਬਾਤ ਕੀਤੀ ਤਾਂ ਉਨ੍ਹਾਂ ਬੜਾ ਹੀ ਗੈਰ-ਜ਼ਿੰਮੇਵਾਰਾਨਾ ਜਵਾਬ ਦਿੰਦਿਆਂ ਕਿਹਾ ਕਿ ਫਿਰ ਕੀ ਹੋਇਆ ਮੈਂ ਖੁਦ ਲਾਲਟੈਣ ਹੇਠ ਪੜ੍ਹਿਆਂ ਹਾਂ ਅਤੇ ਜੇਕਰ ਬੱਚਿਆਂ ਨੇ ਮੋਮਬੱਤੀ ਦੀ ਲੋਅ ਹੇਠ ਪ੍ਰੀਖਿਆ ਦਿੱਤੀ ਤਾਂ ਕੀ ਹੋ ਗਿਆ। ਪੱਤਰਕਾਰਾਂ ਵਲੋਂ ਹੋਰ ਸਵਾਲ ਪੁੱਛਣ 'ਤੇ ਸਿੱਖਿਆ ਵਿਭਾਗ ਦੇ ਇਹ ਉਚ ਅਧਿਕਾਰੀ ਤਲਖ਼ੀ 'ਚ ਆ ਗਏ ਅਤੇ ਫੋਨ ਕੱਟ ਦਿੱਤਾ।


Babita

Content Editor

Related News