ਮੀਂਹ ਦਾ ਕਹਿਰ, ਨਹਿਰ ’ਚ ਪਿਆ ਪਾੜ, ਨੀਲੋਂ-ਸ੍ਰੀ ਚਮਕੌਰ ਸਾਹਿਬ ਆਵਾਜਾਈ ਬੰਦ, 3 ਮੰਜ਼ਿਲਾ ਘਰ ਡਿੱਗਾ

Monday, Jul 10, 2023 - 06:35 PM (IST)

ਮੀਂਹ ਦਾ ਕਹਿਰ, ਨਹਿਰ ’ਚ ਪਿਆ ਪਾੜ, ਨੀਲੋਂ-ਸ੍ਰੀ ਚਮਕੌਰ ਸਾਹਿਬ ਆਵਾਜਾਈ ਬੰਦ, 3 ਮੰਜ਼ਿਲਾ ਘਰ ਡਿੱਗਾ

ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਬੀਤੇ ਦਿਨਾਂ ਤੋਂ ਪੈ ਰਹੀ ਮੌਹਲੇਧਾਰ ਬਾਰਿਸ਼ ਕਾਰਨ ਇਸ ਇਲਾਕੇ ਦੇ ਢਾਹੇ ਦੇ ਪਿੰਡ, ਜਿਨ੍ਹਾਂ ਨੂੰ ਪਾਣੀ ਦੀ ਮਾਰ ਤੋਂ ਸੁਰੱਖਿਅਤ ਸਮਝਿਆ ਜਾਂਦਾ ਸੀ, ਦੀਆਂ ਸੜਕਾਂ ’ਤੇ ਵੀ ਪਾਣੀ ਚੱਲ ਰਿਹਾ ਹੈ ਅਤੇ ਖੇਤਾਂ ਵਿਚ ਵੀ ਪਾਣੀ ਵੜਿਆ ਹੋਇਆ ਹੈ। ਸ੍ਰੀ ਚਮਕੌਰ ਸਾਹਿਬ ਤੋਂ ਨੀਲੋਂ ਮਾਰਗ, ਜੋ ਸਰਹਿੰਦ ਨਹਿਰ ਕਿਨਾਰੇ ਹੈ, ’ਤੇ ਕਈ ਥਾਵਾਂ ’ਤੇ ਪਾੜ ਪੈ ਜਾਣ ਕਾਰਨ ਪ੍ਰਸ਼ਾਸਨ ਵਲੋਂ ਇਸ ਮਾਰਗ ਦੀ ਆਵਾਜਾਈ ਠੱਪ ਕਰ ਦਿੱਤੀ ਗਈ ਅਤੇ ਇਹ ਆਵਾਜਾਈ ਸ੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਵੱਲ ਤਬਦੀਲ ਕਰ ਦਿੱਤੀ ਗਈ। ਸੜਕ ’ਤੇ ਪਾਣੀ ਚੱਲਣ ਕਾਰਨ ਇਸ ਇਲਾਕੇ ਦੇ ਪਿੰਡ ਜੰਡ ਸਾਹਿਬ ਦੇ ਨੌਜਵਾਨ ਤਾਰਾ ਚੰਦ ਨੇ ਆਪਣਾ ਟਰੈਕਟਰ ਲਿਆ ਕੇ ਪਾਣੀ ਵਿਚ ਫਸੀਆਂ ਗੱਡੀਆਂ ਕਢਵਾਈਆਂ। ਇਸੇ ਮਾਰਗ ’ਤੇ ਹੀ ਬੇਟ ਏਰੀਏ ਦੇ ਪਿੰਡ ਸ਼ੇਖੂਪੁਰ ਦਾ ਗੁਰਬਚਨ ਸਿੰਘ ਅਤੇ ਉਸ ਦਾ ਛੋਟਾ ਜਿਹਾ ਪੋਤਾ ਪਹਿਲਾਂ ਆਪਣੇ ਘਰ ਜਾਣ ਦੀ ਬਜਾਏ ਨਹਿਰ ਵਿਚ ਪਾੜ ਪੈਣ ਤੋਂ ਰੋਕਣ ਲਈ ਦਰੱਖਤਾਂ ਦੀਆਂ ਟਾਹਣੀਆਂ ਕੱਟ ਕੇ ਪਾਣੀ ਨੂੰ ਨੱਕਾ ਮਾਰਨ ਨੂੰ ਤਰਜੀਹ ਦਿੰਦਾ ਦੇਖਿਆ ਗਿਆ।

ਇਹ ਵੀ ਪੜ੍ਹੋ : ਪ‌ਟਿਆਲਾ ’ਚ ਹੜ੍ਹ ਦਾ ਖ਼ਤਰਾ : ਇਨ੍ਹਾਂ ਇਲਾਕਿਆਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ

PunjabKesari

ਉਧਰ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਝੱਲੀਆਂ ਟੋਲ ਪਲਾਜ਼ੇ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਸਭ ਕੁਝ ਕਰਨ ਦੀ ਪਰ ਉਹ ਟੋਲ ਲੈਣ ਵਿਚ ਹੀ ਮਗਨ ਰਹੇ। ਇਸੇ ਤਰ੍ਹਾਂ ਪਿੰਡ ਰੁੜਕੀ ਦੇ ਨਵੇਂ ਪੱਕੇ ਕੀਤੇ ਸੂਏ ਵਿਚ 4 ਥਾਵਾਂ ’ਤੇ ਪਾੜ ਪੈ ਗਿਆ ਅਤੇ ਸਲੇਮਪੁਰ ਅਤੇ ਮਕੜੋਨਾਂ ਸਮੇਤ ਦਰਜਨਾਂ ਪਿੰਡਾਂ ਦਾ ਪਾਣੀ ਰੁੜਕੀ ਹੀਰਾਂ ਦੇ ਖੇਤਾਂ ਵਿਚ 4-4 ਫੁੱਟ ਇਕੱਠਾ ਹੋ ਗਿਆ ਤੇ ਪਾਣੀ ਦੇ ਤੇਜ਼ ਵਹਾਅ ਨੇ ਸੂਏ ਦੀਆਂ ਸਲੈਬਾਂ ਨੂੰ ਬਾਹਰੀ ਧੱਕ ਮਾਰੀ, ਜਿਸ ਕਾਰਨ ਖੇਤਾਂ ਵਿਚ ਘੁੰਮ ਰਿਹਾ ਪਾਣੀ ਬੜੀ ਤੇਜ਼ੀ ਨਾਲ ਸੂਏ ਵਿਚ ਡਿੱਗਣ ਲੱਗ ਪਿਆ। ਇਸ ਨਾਲ ਭਾਵੇਂ ਪਿੰਡ ਰੁੜਕੀ ਹੀਰਾਂ ਦਾ ਤਾਂ ਬਚਾਅ ਹੋ ਗਿਆ ਪਰ ਸੂਏ ਵਿਚ ਵਧਿਆ ਪਾਣੀ ਅੱਗੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ। ਉਧਰ ਪਿੰਡ ਦੇ ਸਰਪੰਚ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਏ ਨੂੰ ਪੱਕਾ ਕਰਨ ਲਈ ਬਹੁਤ ਹੀ ਘਟੀਆ ਸਮੱਗਰੀ ਵਰਤੀ ਗਈ ਹੈ, ਜਿਸ ਕਾਰਨ ਸੂਏ ਦੀਆਂ ਸਲੈਬਾਂ ਥੋੜੀ ਜਿਹੇ ਪਾਣੀ ਦੀ ਮਾਰ ਵੀ ਨਾ ਝੱਲ ਸਕੀਆਂ ਅਤੇ ਸਲੈਬਾਂ ਨੂੰ ਪਾਣੀ ਅਪਣੇ ਨਾਲ ਹੀ ਵਹਾਅ ਕੇ ਲੈ ਗਿਆ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਏਰੀਏ ਦੇ ਕਈ ਪਿੰਡਾਂ ਦੇ ਟੋਭੇ ਉਛਲਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿਚ ਆ ਵੜਿਆ, ਖੇਤਾਂ ਅਤੇ ਸੜਕਾਂ ’ਤੇ ਵੀ ਪਾਣੀ ਚੱਲ ਰਿਹਾ ਹੈ। ਇਸੇ ਤਰ੍ਹਾਂ ਪਿੰਡ ਮਕੜੌਨਾ, ਪਿੱਪਲ ਮਾਜਰਾ, ਭੂਰੜੇ, ਚੂਹੜਮਾਜਰਾ ਅਤੇ ਸੱਲੋਮਾਜਰਾ ਸਮੇਤ ਇਕ ਦਰਜ਼ਨ ਪਿੰਡ ਪਾਣੀ ਦੀ ਲਪੇਟ ਵਿਚ ਆ ਗਏ ਹਨ ਅਤੇ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਕੋਲ ਸੜਕ ਵਿਚ ਖਾਰ ਪੈਣ ਨਾਲ ਵੱਡੀ ਮਾਤਰਾ ਵਿਚ ਪਾਣੀ ਖੜ੍ਹ ਗਿਆ ਹੈ। ਇਸ ਕਸਬੇ ਦੀ ਇੰਦਰਾ ਕਾਲੋਨੀ ਵਿਚ 5 ਤੋਂ 7 ਫੁੱਟ ਪਾਣੀ ਚੱਲਦਾ ਰਿਹਾ, ਜਿਸ ਕਾਰਨ ਇੱਥੇ ਰਹਿਣ ਵਾਲਿਆਂ ਦਾ ਕੀਮਤੀ ਸਾਮਾਨ ਖਰਾਬ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਦਰਮਿਆਨ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ ਜਾਰੀ

PunjabKesari

ਪਾਣੀ ਹੋਰ ਵੱਧਦਾ ਦੇਖ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਸਿਟੀ ਸੈਂਟਰ ਦੀ ਕੰਧ ਤੋੜ ਕੇ ਮੀਂਹ ਦਾ ਇਕੱਠਾ ਹੋਇਆ ਪਾਣੀ ਕੱਢਿਆ ਗਿਆ। ਇਸ ਕਾਲੋਨੀ ਵਾਸੀਆਂ ਨੇ ਫਿਲਹਾਲ ਸਿਟੀ ਸੈਂਟਰ ਵਿਚ ਅਪਣਾ ਰੈਣ-ਬਸੇਰਾ ਕੀਤਾ ਹੋਇਆ ਹੈ। ਮਾੜੀ ਮੁਹੱਲੇ ਦੀਆਂ ਗਲੀਆਂ ਵਿਚ ਵੀ 3-4 ਫੁੱਟ ਪਾਣੀ ਚੱਲਿਆ ਤੇ ਘਰਾਂ ਵਿਚ ਆ ਵੜਿਆ। ਸਥਾਨਕ ਖਾਲਸਾ ਕਾਲੋਨੀ ਵਿਚੋਂ ਲੰਘਦੇ ਬਰਸਾਤੀ ਨਾਲੇ ਦੇ ਉਛਲਣ ਕਾਰਨ ਕਲੋਨੀ ਵਿਚ 2-2 ਫੁੱਟ ਪਾਣੀ ਆ ਜਾਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਇੱਥੇ ਸਾਬਕਾ ਪੰਚ ਸੁਨੀਤਾ ਰਾਣੀ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਹਰ ਵਾਰ ਬਰਸਾਤਾਂ ਕਾਰਨ ਸਾਡੇ ਘਰਾਂ ਵਿਚ ਪਾਣੀ ਵੜ ਜਾਂਦਾ ਹੈ ਪਰ ਪ੍ਰਸ਼ਾਸਨ ਜਾਂ ਕੋਈ ਕੌਂਸਲਰ ਸਾਡੀ ਸਾਰ ਨਹੀਂ ਲੈਂਦਾ। 

ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਕਾਰਨ ਵਿਗੜੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ

ਇਸੇ ਤਰ੍ਹਾਂ ਅਰਾਂਈਵਾੜਾਂ ਮੁਹੱਲਾ ਵਿਚ ਵੀ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ। ਪਾਣੀ ਕਾਰਨ ਇਕ ਮੁਸਲਮਾਨ ਪਰਿਵਾਰ ਦਾ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉੱਧਰ ਐੱਸ. ਡੀ. ਐੱਮ. ਅਮਰੀਕ ਸਿੰਘ ਸਿੱਧੂ, ਤਹਿਸੀਲਦਾਰ ਚੇਤਨ ਬੰਗੜ ਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਕੱਲ ਤੋਂ ਹੀ ਇਸ ਇਲਾਕੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਸਥਿਤੀ ਫਿਲਹਾਲ ਕੰਟਰੋਲ ਅਧੀਨ ਹੈ। ਉਹ ਪ੍ਰਭਾਵਿਤ ਥਾਵਾਂ ’ਤੇ ਅਮੈਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪੁੱਜ ਰਹੇ ਹਨ।

ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਮਾਛੀਵਾੜਾ ਦੇ ਇਲਾਕਿਆਂ ’ਚ ਭਰਿਆ ਪਾਣੀ, ਸੜਕਾਂ ’ਚ ਪਏ ਪਾੜ, ਤਸਵੀਰਾਂ ’ਚ ਦੇਖੋ ਹਾਲਾਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News