ਬੋਇੰਗ ਜਹਾਜ਼ ਕਨਿਸ਼ਕ ਬੰਬ ਧਮਾਕੇ ਦੇ ਮਾਮਲੇ 'ਚ ਕੈਨੇਡਾ ਦੇ ਸਿਹਤ ਮੰਤਰੀ ਦਾ ਵੱਡਾ ਖ਼ੁਲਾਸਾ

Sunday, Jun 25, 2023 - 06:32 PM (IST)

ਜਲੰਧਰ/ਕੈਨੇਡਾ (ਇੰਟ.)–ਲਗਭਗ 38 ਸਾਲ ਪਹਿਲਾਂ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਹੋਏ ਧਮਾਕੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਵੀ ਨਿਆਂ ਦੀ ਉਡੀਕ ਹੈ। ਘਟਨਾ ਦੀ 38ਵੀਂ ਬਰਸੀ ’ਤੇ ਕੈਨੇਡਾ ’ਚ ਵੈਨਕੂਵਰ ਦੇ ਸਟੇਨਲੀ ਪਾਰਕ ਵਿਚ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ’ਤੇ ਦੁੱਖ਼ ਪ੍ਰਗਟ ਕੀਤਾ। ਕੈਨੇਡਾ ਦੇ ਸਿਹਤ ਮੰਤਰੀ ਐਡ੍ਰੀਅਨ ਡਿਕਸ ਨੇ ਇਸ ਮੌਕੇ ’ਤੇ ਕਿਹਾ ਕਿ 38 ਸਾਲ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਵਾਲੇ ਜ਼ਾਲਮ ਅੱਤਵਾਦੀਆਂ ਨੂੰ ਪਤਾ ਸੀ ਕਿ ਜਹਾਜ਼ ਵਿਚ ਆਮ ਨਾਲੋਂ ਵੱਧ ਬੱਚੇ ਹੋਣਗੇ ਕਿਉਂਕਿ ਸਕੂਲੀ ਸਾਲ ਅਜੇ ਖ਼ਤਮ ਹੀ ਹੋਇਆ ਸੀ। ਡਿਕਸ ਨੇ ਕਿਹਾ ਕਿ ਕਾਤਲਾਂ ਨੂੰ ਸਪਸ਼ਟ ਤੌਰ ’ਤੇ ਉਨ੍ਹਾਂ 82 ਬੱਚਿਆਂ ਦੀ ਪ੍ਰਵਾਹ ਨਹੀਂ ਸੀ, ਜੋ ਜਹਾਜ਼ ਵਿਚ ਸਵਾਰ ਸਨ।

38 ਸਾਲ ਬਾਅਦ ਵੀ ਜਾਰੀ ਹੈ ਜਾਂਚ
ਇਸ ਵਿਚਾਲੇ ਕੈਨੇਡਿਆਈ ਪੁਲਸ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਜਾਂਚਕਰਤਾ ਅਜੇ ਵੀ ਮਾਮਲੇ ’ਤੇ ਕੰਮ ਕਰ ਰਹੇ ਹਨ ਪਰ ਘਟਨਾ ਦੀ ਕਿਸਮ ਕਾਰਨ ਉਹ ਜਾਂਚ ਦਾ ਵੇਰਵਾ ਨਹੀਂ ਦੇ ਸਕਦੇ। ਸਟਾਫ਼ ਸਾਰਜੈਂਟ ਕ੍ਰਿਸ ਕਲਾਰਕ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 2005 ’ਚ 2 ਮੁੱਖ ਸ਼ੱਕੀਆਂ ਦੇ ਬਰੀ ਹੋਣ ਅਤੇ ਘੱਟੋ-ਘੱਟ 2 ਹੋਰਨਾਂ ਦੀ ਮੌਤ ਹੋਣ ਦੇ ਬਾਵਜੂਦ ਮਾਮਲੇ ਦੀ ਫਾਈਲ ਖੁੱਲ੍ਹੀ ਹੋਈ ਹੈ। ਏਅਰ ਇੰਡੀਆ ਦੀ ਜਾਂਚ ਜਾਰੀ ਹੈ ਅਤੇ ਮੌਜੂਦਾ ਸਮੇਂ ’ਚ ਈ-ਡਿਵੀਜ਼ਨ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਐਨਫੋਰਸਮੈਂਟ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਏ. ਸੀ. ਨੂੰ ਲੈ ਕੇ ਹੋਏ ਮਾਮੂਲੀ ਝਗੜੇ ਮਗਰੋਂ ਕਲਯੁਗੀ ਪੁੱਤ ਨੇ ਪਿਓ ਨੂੰ ਮਾਰੀ ਗੋਲ਼ੀ

PunjabKesari

ਖ਼ਾਲਿਸਤਾਨੀ ਸੰਗਠਨ ਬੱਬਰ ਖਾਲਸਾ ਵੱਲੋਂ ਕੀਤਾ ਗਿਆ ਸੀ ਧਮਾਕਾ
23 ਜੂਨ 1985 ਨੂੰ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਆਸਮਾਨ ’ਚ ਧਮਾਕਾ ਹੋ ਗਿਆ ਸੀ। ਇਸ ਘਟਨਾ ਵਿਚ ਕਰੂ ਮੈਂਬਰ ਸਮੇਤ ਸਾਰੇ 329 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਹਾਜ਼ ਵਿਚ 268 ਕੈਨੇਡਾ, 27 ਇੰਗਲੈਂਡ, 10 ਅਮਰੀਕਾ ਅਤੇ 2 ਭਾਰਤ ਦੇ ਨਾਗਰਿਕ ਸਨ। ਇਨ੍ਹਾਂ ਦੇ ਨਾਲ ਹੀ ਜਹਾਜ਼ ਦੀ ਕਰੂ ਵਿਚ ਸ਼ਾਮਲ ਸਾਰੇ 22 ਭਾਰਤੀ ਵੀ ਮਾਰੇ ਗਏ ਸਨ। ਕੈਨੇਡਾ ਦੇ ਸੁਪਰੀਮ ਕੋਰਟ ਦੇ ਜੱਜ ਅਤੇ ਉਸ ਤੋਂ ਬਾਅਦ ਦੀ ਜਨਤਕ ਜਾਂਚ ਵਿਚ ਪਤਾ ਲੱਗਾ ਸੀ ਕਿ ਬੰਬ ਧਮਾਕਾ ਖ਼ਾਲਿਸਤਾਨੀ ਸੰਗਠਨ ਬੱਬਰ ਖਾਲਸਾ ਵੱਲੋਂ ਕੀਤਾ ਗਿਆ ਸੀ।
ਜਿਨ੍ਹਾਂ ਲੋਕਾਂ ਉੱਤੇ ਜਾਨਲੇਵਾ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ ਉਨ੍ਹਾਂ ਵਿਚੋਂ 2 ਨੂੰ ਬਰੀ ਕਰ ਦਿੱਤਾ ਗਿਆ ਸੀ, ਜਦੋਂਕਿ ਤੀਜੇ ਨੂੰ ਮਨੁੱਖੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ। ਆਪਣੀ ਭਾਬੀ ਸੁਖਵਿੰਦਰ, 10 ਸਾਲਾ ਭਤੀਜੀ ਪਰਮਿੰਦਰ ਅਤੇ 9 ਸਾਲਾ ਭਤੀਜੇ ਕੁਲਦੀਪ ਨੂੰ ਗੁਆਉਣ ਵਾਲੀ ਗੁਰਦਿਆਲ ਸਿੱਧੂ ਨੇ ਕਿਹਾ ਕਿ ਪਰਿਵਾਰਾਂ ਨੂੰ ਅਸਲ ਵਿਚ ਮਾਮਲੇ ’ਚ ਨਿਆਂ ਦੀ ਲੋੜ ਹੈ। ਸਿੱਧੂ ਨੇ ਕਿਹਾ,‘‘ਮੈਂ ਬੇਨਤੀ ਕਰ ਰਿਹਾ ਹਾਂ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਹ ਸਾਹਮਣੇ ਆਏ।’’

ਇਹ ਵੀ ਪੜ੍ਹੋ- IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ

ਕੈਨੇਡਿਆਈ ਨੌਜਵਾਨਾਂ ਨੂੰ ਹਾਦਸੇ ਦੀ ਜ਼ਿਆਦਾ ਜਾਣਕਾਰੀ ਨਹੀਂ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਐਂਗਸ ਰੀਡ ਇੰਸਟੀਚਿਊਟ ਨੇ ਇਕ ਸਰਵੇਖਣ ਜਾਰੀ ਕੀਤਾ ਸੀ, ਜਿਸ ਵਿਚ ਵਿਖਾਇਆ ਗਿਆ ਸੀ ਕਿ 10 ਵਿਚੋਂ 9 ਕੈਨੇਡਿਆਈ ਲੋਕਾਂ ਨੂੰ ਇਸ ਹਮਲੇ ਬਾਰੇ ਬਹੁਤ ਘੱਟ ਜਾਂ ਕੁਝ ਵੀ ਨਹੀਂ ਪਤਾ, ਜੋ ਕੈਨੇਡਾ ਦਾ ਸਭ ਤੋਂ ਭਿਆਨਕ ਸਮੂਹਿਕ ਹੱਤਿਆਕਾਂਡ ਹੈ। 1500 ਕੈਨੇਡਿਆਈ ਲੋਕਾਂ ਦੇ ਸਰਵੇਖਣ ਵਿਚ ਇਹ ਵੀ ਪਤਾ ਲੱਗਾ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ 5 ਵਿਚੋਂ 3 ਬਾਲਗਾਂ ਨੇ ਬੰਬ ਧਮਾਕਿਆਂ ਬਾਰੇ ਕਦੇ ਨਹੀਂ ਸੁਣਿਆ।

ਕੀ ਬੋਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ?
ਸਾਬਕਾ ਪ੍ਰਧਾਨ ਮੰਤਰੀ ਉੱਜਲ ਦੁਸਾਂਝ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਸਿਆਸੀ ਨੇਤਾਵਾਂ ਨੂੰ ਇਸ ਆਯੋਜਨ ਬਾਰੇ ਸਾਲਾਨਾ ਬਿਆਨ ਜਾਰੀ ਕਰਨ ਤੋਂ ਇਲਾਵਾ ਵੀ ਹੋਰ ਕੁਝ ਕਰਨ ਦੀ ਮੰਗ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਕ ਬਿਆਨ ਵਿਚ ਕਿਹਾ ਕਿ ਅੱਤਵਾਦੀ ਹਮਲੇ ਨੇ ਉਨ੍ਹਾਂ ਦੇ ਪਰਿਵਾਰਾਂ ਤੇ ਪਿਆਰਿਆਂ ਦੇ ਜੀਵਨ ਨੂੰ ਹਮੇਸ਼ਾ ਲਈ ਬਦਲ ਦਿੱਤਾ ਹੈ ਜੋ ਹਰ ਦਿਨ ਉਨ੍ਹਾਂ ਦੀ ਗੈਰ-ਮੌਜੂਦਗੀ ਦੇ ਦਰਦ ਨਾਲ ਜੀਅ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਸਾਡੇ ਭਾਈਚਾਰਿਆਂ ਅੰਦਰ ਡਰ, ਵੰਡ ਅਤੇ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ। ਅਸੀਂ ਕਦੇ ਵੀ ਕੁਝ ਲੋਕਾਂ ਦੇ ਕੰਮਾਂ ਨੂੰ ਸ਼ਾਂਤੀ, ਸਹਿਣਸ਼ੀਲਤਾ ਅਤੇ ਵੰਨ-ਸੁਵੰਨਤਾ ਦੀਆਂ ਕਦਰਾਂ-ਕੀਮਤਾਂ ’ਤੇ ਹਾਵੀ ਨਹੀਂ ਹੋਣ ਦੇ ਸਕਦੇ ਜੋ ਸਾਡੇ ਸਮਾਜ ਨੂੰ ਪਰਿਭਾਸ਼ਿਤ ਕਰਦੇ ਹਨ ਅਤੇ ਸਾਨੂੰ ਕੈਨੇਡਿਆਈ ਦੇ ਰੂਪ ਵਿਚ ਇਕਜੁੱਟ ਕਰਦੇ ਹਨ।

ਇਹ ਵੀ ਪੜ੍ਹੋ- ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News